ਨਿੱਜੀ ਪੱਤਰ ਪ੍ਰੇਰਕ
ਧੂਰੀ, 29 ਜੂਨ
ਗੌਰਮਿੰਟ ਰੇਲਵੇ ਪੁਲੀਸ ਚੌਕੀ ਧੂਰੀ ਵੱਲੋਂ ਰੇਲਗੱਡੀਆਂ ਵਿੱਚੋਂ ਯਾਤਰੀਆਂ ਦੇ ਫ਼ੋਨ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਚੌਕੀ ਜੀ.ਆਰ.ਪੀ. ਧੂਰੀ ਦੇ ਇੰਚਾਰਜ ਏ.ਐੱਸ.ਆਈ ਰਣਬੀਰ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਆਫ਼ ਪੁਲੀਸ ਰੇਲਵੇ ਸ਼ਸੀ ਪ੍ਰਭਾ ਦ੍ਰਿਵੇਦੀ ਦੇ ਨਿਰਦੇਸ਼ਾਂ ਅਤੇ ਮੁੱਖ ਅਫਸਰ ਥਾਣਾ ਰੇਲਵੇ ਸੰਗਰੂਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਭੈੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਜਸਵੀਰ ਵਾਸੀ ਧੁਰੀ ਨੇ ਪੁਲੀਸ ਨੂੰ ਸੂਚਨਾ ਦਿੱਤੀ ਸੀ ਕਿ ਦੌਰਾਨੇ ਸਫਰ ਉਸ ਦਾ ਮੋਬਾਈਲ ਫੋਨ ਇੱਕ ਵਿਅਕਤੀ ਚੋਰੀ ਕਰ ਕੇ ਚੱਲਦੀ ਗੱਡੀ ਵਿੱਚੋਂ ਉਤਰ ਗਿਆ ਸੀ। ਪੁਲੀਸ ਤਫਤੀਸ਼ ਵਿੱਚ ਸੂਰਜ ਉਰਫ ਵਿੱਕੀ ਵਾਸੀ ਮਾਧੋਪੁਰੀ ਮੁਹੱਲਾ ਧੂਰੀ ਨੂੰ ਮਾਮਲੇ ਵਿੱਚ ਨਾਮਜ਼ਦ ਕਰਕੇ ਕਾਬੂ ਕੀਤਾ ਗਿਆ ਅਤੇ ਚੋਰੀ ਕੀਤਾ ਗਿਆ ਫੋਨ ਬਰਾਮਦ ਕੀਤਾ ਗਿਆ।