ਗੁਰਦੀਪ ਸਿੰਘ ਲਾਲੀ
ਸੰਗਰੂਰ, 31 ਮਾਰਚ
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੋਸ ਧਰਨਿਆਂ ਦੌਰਾਨ ਕਿਸਾਨ ਜਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਅਮਨ ਸ਼ਾਂਤੀ ਨਾਲ ਚੱਲ ਰਹੇ ਕਿਸਾਨ ਅੰਦੋਲਨ ਦੀ ਦੁਨੀਆਂ ਭਰ ਵਿਚ ਸ਼ਲਾਘਾ ਹੋ ਰਹੀ ਹੈ ਜਦੋਂ ਕਿ ਦੇਸ਼ ਦੇ ਅੰਨਦਾਤਾ ਨੂੰ ਵਿਸਾਰ ਕੇ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣੀ ਕੇਂਦਰ ਸਰਕਾਰ ਦੀ ਤੌਹੀਨ ਹੋ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੰਘਰਸ਼ੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਜਿੱਤ ਯਕੀਨੀ ਹੋਵੇਗੀ ਅਤੇ ਸੰਘਰਸ਼ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ।
ਇਥੇ ਰੇਲਵੇ ਸਟੇਸ਼ਨ ਨੇੜੇ ਕਿਸਾਨ ਜਥੇਬੰਦੀਆਂ ਜਦੋਂ ਕਿ ਭਾਜਪਾ ਆਗੂ ਦੇ ਘਰ ਅਤੇ ਰਿਲਾਇੰਸ ਪੰਪ ਖੇੜੀ ਅੱਗੇ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਲਗਾਤਾਰ ਪੱਕੇ ਮੋਰਚੇ ’ਤੇ ਕਿਸਾਨ ਡਟੇ ਹੋਏ ਹਨ। ਕਿਸਾਨ ਜਥੇਬੰਦੀਆਂ ਦੇ ਆਗੂਆਂ ਹਰਮੇਲ ਸਿੰਘ ਮਹਿਰੋਕ, ਇੰਦਰਪਾਲ ਸਿੰਘ ਪੁੰਨਾਂਵਾਲ, ਰੋਹੀ ਸਿੰਘ ਮੰਗਵਾਲ, ਜਸਵੰਤ ਸਿੰਘ ਬਿਗੜਵਾਲ, ਗੁਰਬਖਸ਼ੀਸ਼ ਸਿੰਘ, ਪ੍ਰੀਤਮ ਸਿੰਘ ਕਾਂਝਲਾ, ਮੋਹਨ ਲਾਲ ਸੁਨਾਮ, ਗੱਜਣ ਸਿੰਘ ਲੱਡੀ, ਨਰੰਜਣ ਸਿੰਘ ਚੁਨਾਗਰਾ ਆਦਿ ਨੇ ਸੰਬੋਧਨ ਕੀਤਾ ਜਦੋਂ ਕਿ ਭਾਕਿਯੂ ਏਕਤਾ ਉਗਰਾਹਾਂ ਦੇ ਰੋਸ ਧਰਨਿਆਂ ਨੂੰ ਗੋਬਿੰਦਰ ਸਿੰਘ ਮੰਗਵਾਲ, ਸ਼ਿੰਦਰ ਸਿੰਘ ਬਡਰੁੱਖਾਂ, ਸਰੂਪ ਚੰਦ ਕਿਲਾਭਰੀਆਂ, ਗੁਰਦੀਪ ਸਿੰਘ ਕੰਮੋਮਾਜਰਾ, ਹਰਦੇਵ ਸਿੰਘ ਕੁਲਾਰਾਂ, ਲਾਭ ਸਿੰਘ ਖੁਰਾਣਾ, ਕਰਮਜੀਤ ਮੰਗਵਾਲ ਆਦਿ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਜਿਥੇ ਕੇਂਦਰ ਸਰਕਾਰ ਨੇ ਕਿਸਾਨਾਂ ਉਪਰ ਜਬਰੀ ਖੇਤੀ ਕਾਨੂੰਨ ਥੋਪੇ ਹਨ ਉਥੇ ਹੁਣ ਦੇਸ਼ ਦੇ ਅੰਨਦਾਤਾ ਦੇ ਸੰਘਰਸ਼ ਨੂੰ ਮਨੋ ਵਿਸਾਰ ਕੇ ਖੇਤੀ ਕਾਨੂੰਨ ਰੱਦ ਨਾ ਕਰਨ ਦਾ ਅੜੀਅਲ ਰਵੱਈਆ ਅਪਣਾ ਕੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਅਮਨ ਸ਼ਾਂਤੀ ਨਾਲ ਚੱਲ ਰਹੇ ਕਿਸਾਨ ਅੰਦੋਲਨ ਦੀ ਦੁਨੀਆਂ ਭਰ ਵਿਚ ਸ਼ਲਾਘਾ ਹੋ ਰਹੀ ਹੈ। ਕਰੀਬ ਤਿੰਨ ਸੌ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋ ਚੁੱਕੇ ਹਨ ਪਰੰਤੂ ਇਸ ਦੇ ਬਾਵਜੂਦ ਕਿਸਾਨ ਅੰਦੋਲਨ ਸਬਰ ਤੇ ਸੰਤੋਖ ਨਾਲ ਚੱਲ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਅਤੇ ਤਾਨਾਸ਼ਾਹ ਬਣੀ ਕੇਂਦਰ ਸਰਕਾਰ ਦੀ ਦੁਨੀਆਂ ਭਰ ਵਿਚ ਤੌਹੀਨ ਹੋ ਰਹੀ ਹੈ। ਇਹ ਕਿਸਾਨ ਅੰਦੋਲਨ ਦੀ ਵੱਡੀ ਜਿੱਤ ਹੈ ਕਿ ਹਰ ਵਰਗ ਦੇ ਲੋਕਾਂ ਵਲੋਂ ਅੰਦੋਲਨ ਦੀ ਹਮਾਇਤ ਕਰਕੇ ਇਸ ਨੂੰ ਜਨ ਅੰਦੋਲਨ ਬਣਾ ਦਿੱਤਾ ਹੈ।
ਲਹਿਰਾਗਾਗਾ ’ਚ ਕਿਸਾਨਾਂ ਦਾ ਧਰਨਾ 182ਵੇਂ ਦਿਨ ’ਚ ਦਾਖਲ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇਥੇ ਰਿਲਾਇੰਸ ਪੰਪ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਤਾ ਜਾ ਰਿਹਾ ਧਰਨਾ ਅੱਜ 182ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਧਰਨੇ ਨੂੰ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ , ਸੂਬਾ ਸਿੰਘ ਸੰਗਤਪੁਰਾ, ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲਾਂ, ਬਹਾਦਰ ਸਿੰਘ ਭੁਟਾਲ ਖੁਰਦ, ਹਰਜਿੰਦਰ ਸਿੰਘ ਨੰਗਲਾ, ਬਿੰਦਰ ਸਿੰਘ ਖੋਖਰ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਜਗਦੀਪ ਸਿੰਘ ਲਹਿਲ ਖੁਰਦ, ਰਾਮਚੰਦ ਸਿੰਘ ਚੋਟੀਆਂ, ਜਸ਼ਨਦੀਪ ਕੋਰ ਪਿਸ਼ੌਰ, ਕਰਮਜੀਤ ਕੌਰ ਭੁਟਾਲ ਕਲਾਂ ਨੇ ਕਿਹਾ ਕਿ ਕੇਂਦਰੀ ਹਕੂਮਤ ਕਾਰਪੋਰੇਟਸ ਦੇ ਸਾਹਮਣੇ ਨੱਚ ਰਹੀ ਹੈ।ਉਸ ਨੂੰ ਕਿਸਾਨਾਂ-ਮਜ਼ਦੂਰਾਂ ਦਾ ਦਰਦ ਸੁਣਾਈਂ ਨਹੀਂ ਦੇ ਰਿਹਾ ਅਤੇ ਧੜਾਧੜ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਕਰਵਾ ਰਹੀ ਹੈ ਪਰ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਸੈਂਕੜੇ ਪੱਕੇ ਮੋਰਚੇ ਲੱਗੇ ਹੋਣ ਦੇ ਬਾਵਜੂਦ ਮੌਜੂਦਾ ਪੰਜਾਬ ’ਚ ਕੈਪਟਨ ਦੀ ਸਰਕਾਰ ਕੇਂਦਰ ਦੇ ਇਸ਼ਾਰਿਆਂ ਤੇ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਖੋਹਣ ਲਈ ਤੇਜ਼ੀ ਨਾਲ ਹੱਥ -ਪੈਰ ਮਾਰ ਰਹੀ ਹੈ। ਉਨ੍ਹਾਂ ਦੱਸਿਆ ਕਿ ਚੂਲੜ ਕਲਾਂ, ਕੜੈਲ ਆਦਿ ਪਿੰਡਾਂ ਦੀ ਜ਼ਮੀਨ ਵਿਚੋਂ ਦੀ ਐਨ.ਐਚ 148-ਬੀ ਸੜਕ ਬਾਈਪਾਸ ਸਰਕਾਰ ਵਲੋਂ ਕੱਢਿਆ ਜਾ ਰਿਹਾ ਹੈ ਅਤੇ ਇਸ ਸੜਕ ਪ੍ਰੋਜੈਕਟ ਵਿਚ ਚੂਲੜ ਕਲਾਂ ਦੇ ਕਿਸਾਨਾਂ ਦੀ ਜ਼ਮੀਨ ਆ ਰਹੀ ਹੈ ਪਰ ਉਹ ਕਿਸਾਨ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦੇ ਪਰ ਉਨ੍ਹਾਂ ਤੋਂ ਸਰਕਾਰ ਧੱਕੇ ਨਾਲ ਬਿਨਾਂ ਸਹਿਮਤੀ ਤੋਂ ਜਬਰੀ ਖੋਹਣਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਕਈ ਵਾਰ ਸਰਕਾਰ ਨੇ ਭਾਰੀ ਪੁਲੀਸ ਫੋਰਸ ਲਿਆ ਕਿ ਧੱਕੇ ਨਾਲ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹਿਆ ਪਰ ਜਥੇਬੰਦੀ ਨੇ ਜ਼ਮੀਨਾਂ ਤੇ ਜਬਰੀ ਕਬਜ਼ਾ ਨਹੀਂ ਹੋਣ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਪਹਿਲੀ ਅਪਰੈਲ ਨੂੰ ਲਹਿਰਾਗਾਗਾ ਪ੍ਰਸ਼ਾਸਨ , ਸੜਕ ਮਹਿਕਮੇ ਦੇ ਅਧਿਕਾਰੀਆ ਅਤੇ ਜੱਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਹੋਣੀ ਹੈ।