ਰਾਮੇਸ਼ ਭਾਰਦਵਾਜ
ਲਹਿਰਾਗਾਗਾ, 20 ਜਨਵਰੀ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਦਿੱਤੇ ਸੂਬਾ ਪੱਧਰੀ ਅਰਥੀ ਫੂਕ ਪ੍ਰਦਰਸ਼ਨ ਦੇ ਸੱਦੇ ਤਹਿਤ ਇਨਕਲਾਬੀ ਜਮਹੂਰੀ ਜਥੇਬੰਦੀਆਂ ਵੱਲੋਂ ਦਲਿਤ ਵਿਰੋਧੀ ਪੇਂਡੂ ਧਨਾਢ ਚੌਧਰੀਆਂ, ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਦੇ ਗੱਠਜੋੜ ਦੀ ਅੱਜ ਪਿੰਡ ਸ਼ਾਦੀਹਰੀ, ਜਲੂਰ, ਰਾਏਧਰਾਣਾ ਸੰਗਤੀਵਾਲਾ ਵਿੱਚ ਅਰਥੀ ਫੂਕੀ ਗਈ। ਇਸ ਮੌਕੇ ਮਜ਼ਦੂਰ ਵਿਰੋਧੀ ਗੱਠਜੋੜ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿੱਕਰ ਸਿੰਘ ਹਥੋਆ ਅਤੇ ਜਮਹੂਰੀ ਸੰਘਰਸ਼ ਕਮੇਟੀ ਦੇ ਆਗੂ ਮੱਖਣ ਸਿੰਘ ਸ਼ਾਦੀਹਰੀ ਨੇ ਦੱਸਿਆ ਕਿ ਜਦੋਂ ਵੀ ਬੇਜ਼ਮੀਨੇ ਲੋਕਾਂ ਵੱਲੋਂ ਜਮਹੂਰੀ ਢੰਗ ਨਾਲ ਆਪਣੇ ਅਧਿਕਾਰਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਉੱਪਰ ਗੁੰਡਿਆਂ ਤੋਂ ਹਮਲੇ ਅਤੇ ਝੂਠੇ ਕੇਸ ਮੜ੍ਹ ਕੇ ਉਨ੍ਹਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮਜ਼ਦੂਰਾਂ ਦੇ ਲੜੇ ਗਏ ਸਾਂਝੇ ਸੰਘਰਸ਼ ਤੋਂ ਬਾਅਦ ਕਾਂਗਰਸ ਸਰਕਾਰ ਵੱਲੋ ਸੰਘਰਸ਼ਾਂ ਦੌਰਾਨ ਮਜ਼ਦੂਰਾਂ-ਕਿਸਾਨਾਂ ਵਿਰੁੱਧ ਦਰਜ ਕੇਸ ਰੱਦ ਕਰਨ ਦੇ ਜਾਰੀ ਨੋਟੀਫਿਕੇਸ਼ਨ ਦੇ ਬਾਵਜੂਦ ਸੰਘਰਸ਼ ਵਾਲੇ ਖਿੱਤਿਆਂ ’ਚੋਂ ਪਰਚੇ ਰੱਦ ਨਹੀਂ ਕੀਤੇ ਜਾ ਰਹੇ। ਆਏ ਦਿਨ ਸਮਾਜਿਕ ਜਬਰ ਅਤੇ ਪੁਲੀਸ ਵਧੀਕੀਆਂ ਦੀਆਂ ਸੁਰਖੀਆਂ ਬਣ ਰਿਹਾ ਪੰਜਾਬ ਤੋਂ ਸਾਰੀਆਂ ਰਵਾਇਤੀ ਰਾਜਨੀਤਿਕ ਪਾਰਟੀਆਂ, ਦਲਿਤਾਂ ਦੀ ਰਾਖੀ ਲਈ ਬਣੇ ਕਮਿਸ਼ਨਾਂ ਅਤੇ ਦਲਿਤਾਂ ਦੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਇਸ ਮਾਮਲੇ ’ਤੇ ਧਾਰੀ ਚੁੱਪ ਕਾਰਨ ਅਨੁਸੂਚਿਤ ਜਾਤੀਆਂ ਉੱਪਰ ਵਧੀਕੀਆਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਤੋਂ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੂੰ ਉਤਸ਼ਾਹ ਮਿਲ ਰਿਹਾ ਹੈ। ਇਸ ਮੌਕੇ ਰਾਜਵਿੰਦਰ ਸਿੰਘ, ਗੁਰਦਾਸ ਸਿੰਘ, ਮੱਖਣ ਸਿੰਘ, ਮਨਦੀਪ ਸਿੰਘ ਸ਼ਾਦੀਹਰੀ ਤੇ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।