ਹਰਦੀਪ ਸਿੰਘ ਸੋਢੀ
ਧੂਰੀ, 3 ਅਪਰੈਲ
ਧੀ ਦਾ ਰਿਸ਼ਤਾ ਟੁੱਟਣ ਤੋਂ ਰੋਹ ਵਿੱਚ ਆਏ ਮਾਪਿਆਂ ਨੇ ਵਿਚੋਲੇ ਦੇ ਘਰ ਅੰਦਰ ਜਾ ਕੇ ਉਸ ਦੀ ਕੁੱਟਮਾਰ ਕੀਤੀ। ਸਿਵਲ ਹਸਪਤਾਲ ਧੂਰੀ ਵਿੱਚ ਜ਼ੇਰੇ ਇਲਾਜ ਪੀੜਤ ਮਦਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਸ਼ਹਿਰ ਦੇ ਇਕ ਨਾਮੀ ਵਿਅਕਤੀ ਦੀ ਧੀ ਦਾ ਰਿਸ਼ਤਾ ਸ਼ਹਿਰ ਧੂਰੀ ਦੇ ਹੀ ਨਾਮਵਰ ਪਰਿਵਾਰ ਦੇ ਪੁੱਤਰ ਨਾਲ ਦਸੰਬਰ ਮਹੀਨੇ ਵਿਚ ਕਰਾਇਆ ਸੀ। ਕੁੱਝ ਕਾਰਨਾਂ ਕਰ ਕੇ ਰਿਸ਼ਤਾ ਪੂਰ ਨਾ ਚੜ੍ਹ ਸਕਿਆ ਅਤੇ ਦੋਵੇਂ ਧਿਰਾਂ ਦੇ ਪਤਵੰਤਿਆਂ ਵੱਲੋਂ ਲੰਘੇ ਦਿਨੀਂ ਮਾਮਲਾ ਨਿਪਟਾ ਦਿੱਤਾ ਗਿਆ ਅਤੇ ਲੜਕੀ ਵਾਲਿਆਂ ਵੱਲੋਂ ਖਰਚ ਕੀਤੇ ਪੈਸਿਆਂ ਤੋਂ ਵੱਧ ਪੈਸੇ ਲੜਕੇ ਵਾਲਿਆਂ ਵੱਲੋਂ ਅਦਾ ਵੀ ਕਰ ਦਿੱਤੇ ਗਏ ਸੀ। ਇਸ ਸਾਰੇ ਮਾਮਲੇ ਵਿਚ ਉਸ ਦਾ ਕੋਈ ਵੀ ਕਸੂਰ ਸਾਹਮਣੇ ਨਹੀਂ ਆਇਆ ਪਰ ਗੁੱਸੇ ’ਚ ਆਏ ਲੜਕੀ ਦੇ ਮਾਤਾ-ਪਿਤਾ ਨੇ ਲੰਘੀ ਸ਼ਾਮ ਉਸ ਦੇ ਘਰ ਦਾਖਲ ਹੋ ਕੇ ਉਸ ਦੀ ਕੁੱਟਮਾਰ ਕੀਤੀ। ਉਹ ਤੇ ਉਸ ਦੀ ਪਤਨੀ ਨੇ ਜਦੋਂ ਰੌਲਾ ਪਾਇਆ ਤਾਂ ਮੁਹੱਲੇ ਦੇ ਲੋਕ ਇਕੱਠੇ ਹੋ ਗਏ ਤਾਂ ਮੁਲਜ਼ਮ ਉਥੋਂ ਫਰਾਰ ਹੋ ਗਏ। ਉਨ੍ਹਾਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਪੜਤਾਲੀਆ ਅਫ਼ਸਰ ਏਐੱਸਆਈ ਜਗਤਾਰ ਸਿੰਘ ਨੇ ਕਿਹਾ ਕਿ ਦੋਵੇ ਧਿਰਾਂ ਦੀਆਂ ਦਰਖ਼ਾਸਤਾਂ ਮਿਲ ਚੁੱਕੀਆਂ ਹਨ ਪੜਤਾਲ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੂਜਾ ਵਿਆਹ ਕਰਵਾਉਣ ਦੇ ਦੋਸ਼ ਹੇਠ ਪਤੀ ਖ਼ਿਲਾਫ਼ ਕੇਸ
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਪਿੰਡ ਦੇਵੀਨਗਰ ਵਾਸੀ ਵਿਅਕਤੀ ਵੱਲੋਂ ਦਹੇਜ ਦੀ ਮੰਗ ਨੂੰ ਲੈ ਕੇ ਆਪਣੀ ਪਤਨੀ ਨੂੰ ਘਰੋਂ ਬਾਹਰ ਕੱਢਣ ਉਪਰੰਤ ਬਗੈਰ ਤਲਾਕ ਤੋਂ ਦੂਜਾ ਵਿਆਹ ਕਰਵਾਉਣ ’ਤੇ ਸਿਟੀ ਪੁਲੀਸ ਨੇ ਵਿਆਹੁਤਾ ਦੀ ਸ਼ਿਕਾਇਤ ’ਤੇ ਪਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਦੀ ਪੁਲੀਸ ਨੇ ਦੱਸਿਆ ਕਿ ਅਵਨੀਤ ਕੌਰ ਵਾਸੀ ਗਣੇਸ਼ ਨਗਰ ਰਾਜਪੁਰਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੁਦੈਲਾ ਦਾ ਵਿਆਹ ਫਰਵਰੀ 2018 ਨੂੰ ਨਵਜੀਤ ਸਿੰਘ ਵਾਸੀ ਪਿੰਡ ਦੇਵੀਨਗਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦਾ ਪਤੀ ਨਵਜੀਤ ਸਿੰਘ ਹੋਰ ਦਾਜ ਦਹੇਜ ਲਿਆਉਣ ਦੀ ਮੰਗ ਨੂੰ ਲੈ ਕੇ ਉਸ ਦੀ ਕੁੱਟਮਾਰ ਕਰਨ ਲੱਗ ਪਿਆ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਇਸੇ ਦੌਰਾਨ ਨਵਜੀਤ ਸਿੰਘ ਨੇ ਤਲਾਕ ਦਿੱਤੇ ਬਿਨਾਂ ਹੀ ਦੂਜਾ ਵਿਆਹ ਕਰਵਾ ਲਿਆ।