ਬੀਰਬਲ ਰਿਸ਼ੀ
ਸ਼ੇਰਪੁਰ, 20 ਅਕਤੂਬਰ
ਬਲਾਕ ਸ਼ੇਰਪੁਰ ਦੇ ਡੇਢ ਦਰਜਨ ਪਿੰਡਾਂ ’ਤੇ ਅਧਾਰਤ ਪਿੰਡ ਮੂਲੋਵਾਲ ਵਿਖੇ ਲਗਾਏ ਸੁਵਿਧਾ ਕੈਂਪ ਵਿੱਚ ਜਿੱਥੇ ਸਰਕਾਰੀ ਹੁਕਮਾਂ ’ਤੇ ਦਫ਼ਤਰੀ ਖੱਜਲ-ਖੁਆਰੀ ਤੋਂ ਬਚਾਉਂਦਿਆਂ ਸਰਕਾਰੀ ਅਧਿਕਾਰੀਆਂ ਨੇ ਲੋਕਾਂ ਦੀਆਂ ਬਰੂਹਾਂ ’ਤੇ ਖੁਦ ਜਾ ਕੇ ਇੱਕੋ ਛੱਤ ਹੇਠ ਸਾਰੇ ਮਸਲਿਆਂ ਦਾ ਹੱਲ ਕਰਨ ਦਾ ਯਤਨ ਕੀਤਾ ਉਥੇ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਦੁਖੀ ਬਜ਼ੁਰਗਾਂ, ਅਪੰਗਾਂ, ਨਿਆਸਰਿਆਂ, ਵਿਧਵਾਵਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।
ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਦੱਸਿਆ ਕਿ ਲੋਕਾਂ ਦੀਆਂ ਪੈਨਸ਼ਨਾਂ, ਨੀਲੇ ਕਾਰਡਾਂ, ਦੋ ਕਿੱਲੋਵਾਟ ਤੱਕ ਦੇ ਬਿਜਲੀ ਬਿੱਲਾਂ, ਕਈ ਤਰ੍ਹਾਂ ਦੇ ਬਣਨ ਵਾਲੇ ਸਰਟੀਫਿਕੇਟਾਂ ਅਤੇ ਹੋਰ ਕਾਰਜਾਂ ਲਈ ਸਮੂਹ ਵਿਭਾਗਾਂ ਦੇ ਸਬੰਧਤ ਅਧਿਕਾਰੀ ਇੱਕੋ ਛੱਤ ਹੇਠ ਇਕੱਠੇ ਬੈਠੇ ਤਾਂ ਕਿ ਲੋਕਾਂ ਦੇ ਫਾਰਮ ਭਰਕੇ ਉਨ੍ਹਾਂ ਨੂੰ ਤੁਰੰਤ ਰਾਹਤ ਦਿੱਤੀ ਜਾ ਸਕੇ। ਵਿਧਾਇਕ ਖੰਗੂੜਾ ਨੇ ਦੱਸਿਆ ਕਿ ਹੁਣ ਸਰਪੰਚਾਂ ਤੋਂ ਅਧੂਰੇ ਵਿਕਾਸ ਕਾਰਜਾਂ ਦੀਆਂ ਲਿਸਟਾਂ ਪ੍ਰਾਪਤ ਕੀਤੀਆਂ ਹਨ ਅਤੇ ਛੇਤੀ ਹੀ ਚੈੱਕ ਦੇ ਕੇ ਪਿੰਡ ਦੇ ਵਿਕਾਸ ਨੂੰ ਅੱਗੇ ਤੋਰਿਆ ਜਾਵੇਗਾ। ਇਸ ਮੌਕੇ ਐਸਡੀਐਮ ਧੂਰੀ ਇਸ਼ਮਤ ਵਿਜੇ ਸਿੰਘ, ਨਾਇਬ ਤਹਿਸੀਲਦਾਰ ਪ੍ਰਮੋਦ ਚੰਦਰ, ਬੀਡੀਪੀਓ ਜੁਗਰਾਜ ਸਿੰਘ, ਨਿੱਜੀ ਸਹਾਇਕ ਇੰਦਰਜੀਤ ਸਿੰਘ ਕੱਕੜਵਾਲ, ਪਰਮਿੰਦਰ ਕੌਰ ਚੇਅਰਪਰਸਨ ਬਲਾਕ ਸਮਿਤੀ ਸ਼ੇਰਪੁਰ, ਸਰਪੰਚ ਜਗਪਾਲ ਸਿੰਘ ਜੱਗੀ ਮੂਲੋਵਾਲ, ਸਰਪੰਚ ਲਖਵੀਰ ਸਿੰਘ ਧੰਦੀਵਾਲ, ਸਰਪੰਚ ਬਹਾਦਰ ਬਾਗੜੀ ਆਦਿ ਹਾਜ਼ਰ ਸਨ।
ਧੂਰੀ ਵਿੱਚ ਸੁਵਿਧਾ ਕੈਂਪ ਅੱਜ
ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਟੀਮ ਦੇ ਮੈਂਬਰ ਇੰਦਰਜੀਤ ਸਿੰਘ ਕੱਕੜਵਾਲ ਨੇ ਦੱਸਿਆ ਕਿ ਦੂਜਾ ਸੁਵਿਧਾ ਕੈਂਪ 21 ਅਕਤੂਬਰ ਨੂੰ ਬਿਰਧ ਆਸ਼ਰਮ ਧੂਰੀ ਵਿਖੇ ਲਗਾਇਆ ਜਾ ਰਿਹਾ ਹੈ।