ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਨਵੰਬਰ
ਸੰਗਰੂਰ ਪੁਲੀਸ ਨੇ ਪਿੰਡ ਮਹਿਲਾਂ ਦੇ ਨੌਜਵਾਨ ਦੇ ਹੋਏ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ ਤੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਇੱਕ ਵਿਅਕਤੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਇਸ ਕੇਸ ਦਾ ਇੱਕ ਮੁਲਜ਼ਮ ਪਹਿਲਾਂ ਹੀ ਕਿਸੇ ਹੋਰ ਕੇਸ ਤਹਿਤ ਨਾਭਾ ਜੇਲ੍ਹ ਵਿਚ ਬੰਦ ਹੈ।
ਐੱਸਪੀ (ਡੀ) ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਦੀਪਇੰਦਰਪਾਲ ਸਿੰਘ ਇੰਚਾਰਜ ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਦੀ ਟੀਮ ਨੂੰ ਉਦੋਂ ਸਫ਼ਲਤਾ ਮਿਲੀ ਜਦੋਂ ਥਾਣੇਦਾਰ ਜਸਪਾਲ ਚੰਦ ਸਮੇਤ ਪੁਲੀਸ ਪਾਰਟੀ ਵੱਲੋਂ ਪੰਜ ਸਾਲ ਪੁਰਾਣੇ ਅੰਨ੍ਹੇ ਕਤਲ ਨੂੰ ਸੁਲਝਾਉਂਦਿਆਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕੇਸ ਦੇ ਵੇਰਵਿਆਂ ਅਨੁਸਾਰ ਮੁਕੇਸ਼ ਕੁਮਾਰ ਉਰਫ਼ ਖੰਨਾ ਵਾਸੀ ਮਹਿਲਾਂ ਜ਼ਿਲ੍ਹਾ ਸੰਗਰੂਰ ਦੀ ਭੇਤਭਰੀ ਹਾਲਤ ’ਚ ਹੱਤਿਆ ਕਰ ਦਿੱਤੀ ਗਈ ਸੀ। ਮੁਕੇਸ਼ ਕੁਮਾਰ ਦਾ 21 ਸਤੰਬਰ 2017 ਨੂੰ ਗੁਰਧਿਆਨ ਸਿੰਘ ਵਾਸੀ ਖੇੜੀ ਨਾਲ ਉਸ ਦੇ ਘਰ ਝਗੜਾ ਹੋਇਆ ਸੀ। ਇਸੇ ਰੰਜਿਸ਼ ਕਾਰਨ ਉਸੇ ਰਾਤ ਗੁਰਧਿਆਨ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮੁਕੇਸ਼ ਕੁਮਾਰ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ ਸੀ। ਗੁਰਧਿਆਨ ਸਿੰਘ ਐੱਨਡੀਪੀਐੱਸ ਐਕਟ ਤਹਿਤ ਥਾਣਾ ਲੌਂਗੋਵਾਲ ਵਿੱਚ ਦਰਜ ਕੇਸ ਤਹਿਤ ਨਾਭਾ ਜੇਲ੍ਹ ’ਚ ਬੰਦ ਹੈ ਜਿਸ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ ਵਾਰਦਾਤ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਗਮੀਤ ਸਿੰਘ, ਗੁਰਚਰਨ ਸਿੰਘ ਉਰਫ਼ ਭੂਸ਼ਣ, ਤਰਸੇਮ ਸਿੰਘ ਉਰਫ਼ ਕਾਲੀਆ, ਸਤਵੀਰ ਸਿੰਘ ਅਤੇ ਹਰਦੀਪ ਸਿੰਘ ਉਰਫ਼ ਕਾਲੀ ਨੂੰ ਪ੍ਰਧਾਨ ਦਾ ਢਾਬਾ ਬਾਹੱਦ ਪਿੰਡ ਖੇੜੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।