ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 9 ਸਤੰਬਰ
ਸੀਟੀਯੂ ਪੰਜਾਬ ਦੇ ਮੀਤ ਪ੍ਰਧਾਨ ਮੰਗਤ ਰਾਮ ਪਾਸਲਾ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਤੇ ਫਾਸੀਵਾਦੀ ਨੀਤੀਆਂ ਖਿਲਾਫ ਸਾਂਝੇ ਸੰਘਰਸ਼ ਉਸਾਰਨ ਦੀ ਸਖ਼ਤ ਲੋੜ ਹੈ। ਉਨ੍ਹਾਂ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਦੀ ਵੀ ਅਪੀਲ ਕੀਤੀ। ਕਾਮਰੇਡ ਪਾਸਲਾ ਅੱਜ ਇੱਥੇ ਡਾ. ਬੀ ਆਰ ਅੰਬੇਡਕਰ ਪਾਰਕ ਵਿੱਚ ਜਨਤਕ ਜੱਥੇਬੰਦੀਆਂ ਦੇ ਸਾਂਝੇ ਮੰਚ (ਜੇਪੀਐਮਓ) ਵੱਲੋਂ ਵਿਉਂਤੀ ਤਹਿਸੀਲ ਪੱਧਰੀ ਕਨਵੈਨਸ਼ਨ ਨੂੰ ਸੰਬੋਧਨ ਕਰ ਰਹੇ ਸਨ। ਕਨਵੈਨਸ਼ਨ ਨੂੰ ਭੀਮ ਸਿੰਘ ਆਲਮਪੁਰ, ਦੇਵ ਰਾਜ ਵਰਮਾ, ਜਸਮੇਲ ਕੌਰ, ਕਾਕਾ ਸਿੰਘ ਭੱਟੀਵਾਲ, ਹਰਦੇਵ ਸਿੰਘ ਘਨੌਰੀ, ਤੇਜਾ ਸਿੰਘ ਬੇਨੜਾ, ਹਰੀ ਸਿੰਘ ਕੋਟੜਾ ਅਤੇ ਮੰਗਤ ਰਾਮ ਲੌਂਗੋਵਾਲ ਨੇ ਵੀ ਸੰਬੋਧਨ ਕੀਤਾ।
ਕਾਮਰੇਡ ਪਾਸਲਾ ਨੇ ਕਿਹਾ ਕਿ ਵਿਦੇਸ਼ੀ ਲੁਟੇਰਿਆਂ ਅਤੇ ਕਾਰਪੋਰੇਟਾਂ ਦੀ ਲੁੱਟ ਦੀ ਗਰੰਟੀ ਕਰਦੀਆਂ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਭਾਈਚਾਰਕ ਸਾਂਝ ਨੂੰ ਖਤਮ ਕਰਨ ਵਾਲੇ ਆਰਐੱਸਐੱਸ ਦੇ ਫਿਰਕੂ-ਫਾਸ਼ੀ, ਫੁੱਟਪਾਊ ਮਨਸੂਬਿਆਂ ਨੂੰ ਸਾਂਝੇ ਸੰਘਰਸ਼ਾਂ ਰਾਹੀਂ ਹੀ ਭਾਂਜ ਦਿੱਤੀ ਜਾ ਸਕਦੀ ਹੈ। ਉਨ੍ਹਾਂ ਸੱਦਾ ਦਿੱਤਾ ਕਿ ਲੋਕਾਂ ਨੂੰ ਕੰਗਾਲ ਕਰਨ ਅਤੇ ਜਨਤਕ ਜਾਇਦਾਦਾਂ ਨੂੰ ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਦੇ ਹਵਾਲੇ ਕਰਨ ਵਾਲੀਆਂ ਨੀਤੀਆਂ ਖਿਲਾਫ ਵਿਸ਼ਾਲ ਲੋਕ ਲਾਮਬੰਦੀ ਕਰਕੇ ਲੋਕਾਈ ਨੂੰ ਆਰ-ਪਾਰ ਦੇ ਸੰਘਰਸ਼ਾਂ ਲਈ ਤਿਆਰ ਕੀਤਾ ਜਾਵੇ। ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਵਿੱਤ ਸਕੱਤਰ ਸਾਥੀ ਮਹੀਪਾਲ ਨੇ 27 ਸਤੰਬਰ ਦੇ ਭਾਰਤ ਬੰਦ ਨੂੰ ਕਾਮਯਾਬ ਕਰਨ ਲਈ ਦਿਨ ਰਾਤ ਇੱਕ ਕਰਨ ਦੀ ਅਪੀਲ ਕੀਤੀ। ਮੰਚ ਸੰਚਾਲਕ ਊਧਮ ਸਿੰਘ ਸੰਤੋਖਪੁਰਾ ਅਤੇ ਭੀਮ ਸਿੰਘ ਆਲਮਪੁਰ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਥੀ ਸਰਬਜੀਤ ਸਿੰਘ ਵੜੈਚ, ਊਧਮ ਸਿੰਘ ਸੰਤੋਖਪੁਰਾ, ਲਛਮਣ ਸਿੰਘ ਅਲੀਸ਼ੇਰ, ਦੇਵੀ ਦਿਆਲ, ਸੁਖਦੇਵ ਸਿੰਘ ਚੰਗਾਲੀਵਾਲ, ਬੀਰਬਲ ਸਿੰਘ ਲਹਿਲ ਕਲਾਂ, ਮੱਖਣ ਸਿੰਘ ਜਖੇਪਲ, ਪ੍ਰੋਫੈਸਰ ਕਮਲਜੀਤ ਸਿੰਘ ਟਿੱਬਾ ਨੇ ਵੀ ਸੰਬੋਧਨ ਕੀਤਾ।