ਪੱਤਰ ਪ੍ਰੇਰਕ
ਡਕਾਲਾ, 22 ਅਪਰੈਲ
ਸਥਾਨਕ ਪ੍ਰਭਾਤ ਇੰਟਰਨੈਸ਼ਨਲ ਪਬਲਿਕ ਸਕੂਲ ਡਕਾਲਾ ਵੱਲੋਂ ਧਰਤੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਪ੍ਰੋਗਰਾਮ ਦੌਰਾਨ ਇਕੱਤਰ ਹੋਏ ਵਿਦਿਆਰਥੀਆਂ ਵੱਲੋਂ ਵਾਤਾਵਰਨ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਦੇਣ ਲਈ ਰੈਲੀ ਕੱਢੀ ਗਈ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਬੂਟੇ ਵੀ ਲਗਾਏ ਗਏ। ਸਕੂਲ ਕਮੇਟੀ ਦੇ ਚੇਅਰਮੈਨ ਪ੍ਰਕਾਸ਼ ਧਵਨ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਵਾਤਾਵਰਨ ਦੀ ਸਾਂਭ ਸੰਭਾਲ ਪ੍ਰਤੀ ਵੱਡਾ ਉਤਸ਼ਾਹ ਹੈ। ਸਕੂਲ ਪ੍ਰਿੰਸੀਪਲ ਜਸਪ੍ਰੀਤ ਕੌਰ ਨੇ ਦੱਸਿਆ ਕਿ ਧਰਤੀ ਦਿਵਸ ਦੇ ਸਬੰਧ ਵਿੱਚ ਚਿੱਤਰਕਲਾ ਪ੍ਰਤੀਯੋਗਤਾ ਵੀ ਕਰਵਾਈ ਗਈ, ਜਦੋਂ ਕਿ ਰੈਲੀ ਦੌਰਾਨ ਵਿਦਿਆਰਥੀਆਂ ਵੱਲੋਂ ਪਾਣੀ ਦੀ ਬੱਚਤ ਕਰਨ ਤੇ ਆਪਣਾ ਆਲਾ ਦੁਆਲਾ ਸਾਫ਼-ਸੁਥਰਾ ਰੱਖਣ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਆਫ਼ ਐਜੂਕੇਸ਼ਨ ਅਤੇ ਗੁਰੂ ਨਾਨਕ ਕਾਲਜ ਫਾਰ ਵਿਮੈਨ ਲਹਿਲ ਖੁਰਦ ਵਿੱਚ ਐੱਮਐੱਡ, ਬੀਐੱਡ, ਬੀਏ ਬੀਐੱਡ ਦੇ ਈਕੋ ਕਲੱਬ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਡਾ. ਸੀਮਾ ਗਰਗ ਅਤੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਵਿਸ਼ਵ ਧਰਤੀ ਦਿਵਸ ਪੌਦੇ ਲਗਾ ਕੇ ਮਨਾਇਆ। ਉਥੇ ਹੀ ਸ਼ਿਵਮ ਕਾਲਜ ਆਫ ਐਜੂਕੇਸ਼ਨ ਖੋਖਰ ਕਲਾਂ ਵੱਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਉਦੇਸ਼ ਲਈ ਕਾਲਜ ਵਿੱਚ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ।
ਦੇਵੀਗੜ੍ਹ (ਪੱਤਰ ਪ੍ਰੇਰਕ): ਅਪੋਲੋ ਪਬਲਿਕ ਸਕੂਲ, ਦੇਵੀਗੜ੍ਹ ਵਿੱਚ ਪ੍ਰਿੰਸੀਪਲ ਨੀਲਮਾ ਦੀਕਸ਼ਤ ਦੀ ਅਗਵਾਈ ਹੇਠ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ’ਤੇ ਵਿਦਿਆਰਥੀਆਂ ਵੱਲੋਂ ‘ਵਾਤਾਵਰਨ ਸੁਰੱਖਿਆ ਅਤੇ ਸੰਭਾਲ’ ਪ੍ਰਤੀ ਜਾਗਰੂਕ ਹੋਣ ’ਤੇ ਭਾਸ਼ਣ ਦਿੱਤੇ ਗਏ ਅਤੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਪੌਦਾ ਲਗਾਉਣ ਦੀ ਪ੍ਰਕਿਰਿਆ ਬਾਰੇ ਦੱਸਿਆ ਗਿਆ। ਪ੍ਰਿੰਸੀਪਲ ਨੀਲਮਾ ਦਿਕਸ਼ਿਤ ਨੇ ਵੀ ਇਸ ਪ੍ਰਕਿਰਿਆ ਵਿੱਚ ਹਿੱਸਾ ਲੈਂਦਿਆਂ ਸਭ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ।
ਸੰਦੌੜ (ਪੱਤਰ ਪ੍ਰੇਰਕ): ਡਾਇਰੈਕਟਰ ਜਗਜੀਤ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਮਾਡਰਨ ਕਾਲਜ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਵਿੱਚ ਪ੍ਰਿੰਸੀਪਲ ਡਾ. ਨੀਤੂ ਸੇਠੀ ਦੀ ਅਗਵਾਈ ਹੇਠ ‘ਵਿਸ਼ਵ ਧਰਤੀ ਦਿਵਸ’ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਣ ਤੋਂ ਕੀਤੀ ਗਈ।
ਰਾਜਪੁਰਾ (ਪੱਤਰ ਪ੍ਰੇਰਕ): ਇਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿੱਚ ਪ੍ਰੋ. ਪ੍ਰਿਯੰਕਾ ਰਾਜਨ ਦੀ ਅਗਵਾਈ ਵਿੱਚ ਸਮਾਗਮ ਕਰਕੇ ਧਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ਡਾਇਰੈਟਕਰ ਸੁਖਬੀਰ ਸਿੰਘ ਥਿੰਦ, ਪ੍ਰਿੰਸੀਪਲ ਡਾ. ਸੁਰੇਸ਼ ਨਾਇਕ ਨੇ ਕਿਹਾ ਕਿ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਾਫ਼-ਸਫ਼ਾਈ ਰੱਖਣੀ ਤੇ ਇਸ ਦੀ ਸੰਭਾਲ ਅਤਿ ਜ਼ਰੂਰੀ ਹੈ।
ਪਟਿਆਲਾ (ਪੱਤਰ ਪ੍ਰੇਰਕ): ਜੰਗਲਾਤ ਵਿਭਾਗ ਦੀ ਡੀਐੱਫਓ ਵਿੱਦਿਆ ਸਾਗਰੀ ਨੇ ਕਿਹਾ ਕਿ ਧਰਤੀ ਲਈ ਨਿਵੇਸ਼ ਕਰਨਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਅਜਿਹਾ ਕਰਕੇ ਹੀ ਮਨੁੱਖ ਧਰਤੀ ਉੱਪਰ ਆਪਣੇ ਵਜੂਦ ਨੂੰ ਕਾਇਮ ਰੱਖ ਸਕਦਾ ਹੈ। ਧਰਤੀ ਦਿਵਸ ਦੇ ਸਮਾਗਮ ਮੌਕੇ ਜ਼ਿਲ੍ਹਾ ਅਟਾਰਨੀ (ਪ੍ਰਸ਼ਾਸਨ) ਪਟਿਆਲਾ ਨੀਨਾ ਸਿੱਧੂ ਅਤੇ ਪੰਜਾਬੀ ਯੂਨੀਵਰਸਿਟੀ ਦੇ ਸੋਸ਼ਲ ਵਰਕ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਗੁਰਨਾਮ ਵਿਰਕ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪੁੱਜੇ।
ਅਮਰਗੜ੍ਹ (ਪੱਤਰ ਪ੍ਰੇਰਕ): ਸਰਕਾਰੀ ਕਾਲਜ ਵਿੱਚ ਪ੍ਰਿੰਸੀਪਲ ਮੀਨੂੰ ਦੀ ਅਗਵਾਈ ਹੇਠ ਧਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਅਮਨਦੀਪ ਵਾਤਿਸ ਨੇ ਵਿਦਿਆਰਥੀਆਂ ਨੂੰ ਧਰਤੀ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ। ਉੁਨ੍ਹਾਂ ਦੱਸਿਆ ਕਿ ਕੁਦਰਤ ਨਾਲ ਛੇੜਛਾੜ ਦੇ ਨਤੀਜੇ ਸਾਨੂੰ ਭੁਗਤਨੇ ਪੈ ਰਹੇ ਹਨ।
ਸੋਲਰ ਊਰਜਾ ਸਿਸਟਮ ਦਾ ਉਦਘਾਟਨ
ਸੰਦੌੜ (ਪੱਤਰ ਪ੍ਰੇਰਕ): ਪ੍ਰਿੰਸੀਪਲ ਡਾ. ਪੁਨੀਤ ਅਮਨਦੀਪ ਸਿੰਘ ਸੋਹੀ ਨੇ ਕਿਹਾ ਕਿ ਗੁਰਬਾਣੀ ਅਨੁਸਾਰ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ, ਇਸ ਕਰਕੇ ਧਰਤੀ ਨੂੰ ਹਰਿਆ-ਭਰਿਆ ਤੇ ਸਵੱਛ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਵਿੱਚ ਮਾਡਰਨ ਸੈਕੂਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾ ’ਚ ਸਕੂਲ ਪ੍ਰਿੰਸੀਪਲ ਡਾ. ਪੁਨੀਤ ਅਮਨਦੀਪ ਸਿੰਘ ਸੋਹੀ, ਕਾਲਜ ਪ੍ਰਿੰਸੀਪਲ ਡਾ. ਨੀਤੂ ਸੇਠੀ ਅਤੇ ਵਾਈਸ ਪ੍ਰਿੰਸੀਪਲ ਪੁਸ਼ਪਿੰਦਰਜੀਤ ਸਿੰਘ ਵੱਲੋਂ ਸੋਲਰ ਊਰਜਾ ਸਿਸਟਮ ਦਾ ਉਦਘਾਟਨ ਕੀਤਾ ਗਿਆ। ਪ੍ਰਿੰਸੀਪਲ ਡਾ. ਪੁਨੀਤ ਸੋਹੀ ਨੇ ਬੱਚਿਆਂ ਨੂੰ ਸੂਰਜੀ ਊਰਜਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਧਰਤੀ ਮਾਤਾ ਨੂੰ ਤਪਸ਼ ਤੇ ਪ੍ਰਦੂਸ਼ਣ ਤੋਂ ਬਚਾਉਣ ਲਈ ਆਪਣੇ ਹੱਥੀਂ ਘਰ ਵਿੱਚ ਇੱਕ ਪੌਦਾ ਲਗਾਉਣ ਲਈ ਪ੍ਰੇਰਿਤ ਕੀਤਾ।
ਕਿਰਤੀ ਕਾਲਜ ਵਿੱਚ ਪੌਦੇ ਲਗਾਏ
ਪਾਤੜਾਂ (ਪੱਤਰ ਪ੍ਰੇਰਕ): ਸਰਕਾਰੀ ਕਿਰਤੀ ਕਾਲਜ ਨਿਆਲ ਪਾਤੜਾਂ ਵਿੱਚ ਪ੍ਰਿੰਸੀਪਲ ਪ੍ਰੋ. ਅਮਰਜੀਤ ਸਿੰਘ ਦੀ ਅਗਵਾਈ ਹੇਠ ਕਾਲਜ ਦੇ ‘ਈਕੋ ਕਲੱਬ’ ਦੇ ਇੰਚਾਰਜ ਪ੍ਰੋਫੈਸਰ ਰਮਨਜੀਤ ਕੌਰ, ਪ੍ਰੋਫੈਸਰ ਹਰਮੀਤ ਸਿੰਘ, ਪ੍ਰੋਫੈਸਰ ਮਨਿੰਦਰ ਸਿੰਘ ਅਤੇ ਜੌਗਰਾਫੀਕਲ ਸੁਸਾਇਟੀ ਵੱਲੋਂ ਧਰਤੀ ਦਿਵਸ ਦੇ ਮੌਕੇ ਬੂਟੇ ਲਗਾਏ ਗਏ। ਇਸ ਦੌਰਾਨ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ ਤੇ ਰੰਗੋਲੀ ਮੁਕਾਬਲੇ ਵਿੱਚ ਵੀ ਭਾਗ ਲਿਆ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਗੁਰਲੀਨ ਕੌਰ ਤੇ ਰੰਗੋਲੀ ਵਿੱਚੋਂ ਸੋਨਮ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ, ਈਕੋ ਕਲੱਬ ਅਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਧਰਤੀ ਦਿਵਸ ਦੇ ਮੌਕੇ ਕਾਲਜ ਵਿੱਚ ਵੱਖ-ਵੱਖ ਥਾਵਾਂ ’ਤੇ ਬੂਟੇ ਲਗਾਏ ਗਏ।