ਬੀਰਬਲ ਰਿਸ਼ੀ
ਸ਼ੇਰਪੁਰ, 11 ਜੁਲਾਈ
ਸ਼ੇਰਪੁਰ-ਧੂਰੀ ਮੁੱਖ ਸੜਕ ’ਤੇ ਸਥਿਤ ਪਿੰਡ ਘਨੌਰੀ ਕਲਾਂ ਦੇ ਸਰਕਾਰੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਤੋਂ ਅੱਗੇ ਲੋਕ ਨਿਰਮਾਣ ਵਿਭਾਗ ਵੱਲੋਂ ਨਵ ਨਿਰਮਾਣ ਲਈ ਪੁੱਟੇ ਗਏ ਸੜਕ ਦੇ ਟੋਟੇ ’ਚ ਮੀਂਹ ਦਾ ਗੋਡ-ਗੋਡੇ ਪਾਣੀ ਖੜ੍ਹ ਜਾਣ ਨਾਲ ਰਾਹਗੀਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਕਰਕੇ ਲੋਕਾਂ ਨੇ ਇਸ ਸੜਕ ਦਾ ਕੰਮ ਛੇਤੀ ਸਮਾਪਤ ਕਰਨ ਦੀ ਅਪੀਲ ਕੀਤੀ ਹੈ।
ਜਾਣਕਾਰੀ ਅਨੁਸਾਰ ਉਕਤ ਸੜਕ ’ਤੇ ਪਿੰਡ ਦੇ ਪਾਣੀ ਦੀ ਨਿਕਾਸੀ ਲਈ ਲਾਈ ਗਈ ਪੁਲੀ ਟੁੱਟ ਜਾਣ ਮਗਰੋਂ ਲੋਕਾਂ ਨੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਕੋਲ ਅਪੀਲ ਕੀਤੀ ਸੀ ਜਿਸ ਮਗਰੋਂ ਉਨ੍ਹਾਂ ਟੁੱਟੀ ਪੁਲੀ ਨੂੰ ਉੱਚਾ ਕਰਕੇ ਮੁੜ ਬਣਾਉਣ ਤੋਂ ਇਲਾਵਾ ਲੋਕ ਹਿਤ ਨੂੰ ਧਿਆਨ ਵਿੱਚ ਰੱਖਦਿਆਂ ਇਸ ਸੜਕ ਦਾ ਕਾਫ਼ੀ ਹਿੱਸਾ ਉੱਚਾ ਚੁਕਵਾ ਕੇ ਮੁੜ ਬਣਾਏ ਜਾਣ ਦੇ ਕੰਮ ਦਾ ਐਸਟੀਮੇਟ ਲਗਵਾ ਕੇ ਲੋਕ ਸਮੱਸਿਆ ਦਾ ਹੱਲ ਕੀਤਾ ਸੀ। ਕੁਝ ਦਿਨ ਪਹਿਲਾਂ ਸੜਕ ਤਾਂ ਪੁੱਟ ਦਿੱਤੀ ਪਰ ਕੰਮ ਦੀ ਗਤੀ ਤੇਜ਼ ਕਰਨ ਦੀ ਥਾਂ ਧੀਮੀ ਹੀ ਰਹੀ ਜਿਸ ਕਰਕੇ ਮਾਮੂਲੀ ਆਏ ਮੀਂਹ ਨਾਲ ਸੜਕ ’ਤੇ ਗੋਡੇ-ਗੋਡੇ ਪਾਣੀ ਖੜ੍ਹ ਗਿਆ। ਸੜਕ ’ਤੇ ਖੜਾ ਪਾਣੀ ਦਾ ਲੇਵਲ ਡੂੰਘਾਂ ਹੋਣ ਤੋਂ ਅਣਜਾਣ ਲੋਕਾਂ ਆਪਣੇ ਵਹੀਕਲ ਲੰਘਾਉਣ ਸਮੇਂ ਪਾਣੀ ਦੇ ਅੱਧ ਵਿਚਕਾਰ ਗੱਡੀਆਂ ਬੰਦ ਹੋ ਜਾਣ ਕਾਰਨ ਫਸ ਜਾਂਦੇ ਹਨ। ਐਨੇ ਡੂੰਘੇ ਪਾਣੀ ਤੋਂ ਅਣਜਾਣ ਅੱਜ ਕਈ ਦੋਪਹੀਆ ਵਾਹਨਾ ਵਾਲੇ ਇਸ ਸੜਕ ’ਤੇ ਡਿੱਗੇ ਜੋ ਵਿਭਾਗ ਨੂੰ ਕੋਸ਼ਦੇ ਰਹੇ। ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਘਨੌਰੀ ਨੇ ਵਿਭਾਗ ਤੋਂ ਮੰਗ ਕੀਤੀ ਇਸ ਸੜਕ ਦਾ ਕੰਮ ਛੇਤੀ ਮੁਕੰਮਲ ਕੀਤਾ ਜਾਵੇ।