ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 22 ਸਤੰਬਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਹਰੀਆਂ ਵਿੱਚ ਅੱਜ ਪ੍ਰਿੰਸੀਪਲ ਜਗਦੇਵ ਸਿੰਘ ਦੀ ਅਗਵਾਈ ਹੇਠ ਸਹਾਇਤਾ ਐਨ.ਜੀ.ਓ ਇੰਡੀਆ ਵੱਲੋਂ ਪਿੰਡ ਕੌਹਰੀਆਂ ਦੇ ਅਤਿ ਗਰੀਬ ਪਰਿਵਾਰ ਦੀਆਂ ਤਿੰਨ ਲੜਕੀਆਂ ਨੂੰ ਸਮੁੱਚੀ ਪੜ੍ਹਾਈ ਪੱਖੋਂ ਅਡਾਪਟ ਕੀਤਾ ਗਿਆ। ਇਸ ਮੌਕੇ ਪਿੰਡ ਕੌਹਰੀਆਂ ਦੇ ਸਰਪੰਚ ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ ਰਾਜਪਾਲ ਸਿੰਘ, ਗੁਰਮੀਤ ਸਿੰਘ ਕਾਲਾ, ਸੂਬੇਦਾਰ ਹਰਦੀਪ ਸਿੰਘ,ਅਜੈਬ ਸਿੰਘ, ਕੁਲਵਿੰਦਰ ਸਿੰਘ, ਪੰਚ ਜਗਸੀਰ ਸਿੰਘ, ਸਹਿਦੇਵ ਸਿੰਘ ਆਦਿ ਪਿੰਡ ਦੇ ਪਤਵੰਤੇ ਵਿਅਕਤੀ ਤੇ ਸਕੂਲ ਦਾ ਸੁਮੱਚਾ ਸਟਾਫ ਹਾਜ਼ਰ ਸੀ। ਇਸ ਮੌਕੇ ਰਣਜੀਤ ਸਿੰਘ ਨੇ ਦੱਸਿਆ ਕਿ ਸਹਾਇਤਾ ਐਨਜੀਓ ਇੰਡੀਆ ਡਾ. ਹਰਕੇਸ਼ ਸਿੰਘ ਯੂ.ਐਸ.ਏ ਵੱਲੋਂ ਆਪਣੀ ਮਿਹਨਤ ਦੀ ਕਮਾਈ ਨਾਲ 2016 ’ਚ ਸ਼ੁਰੂ ਕੀਤੀ ਸੀ ਜਿਸ ਰਾਹੀਂ ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਦੀ ਸਮੁੱਚੀ ਪੜ੍ਹਾਈ ਦਾ ਖਰਚਾ ਚੁੱਕਿਆ ਜਾ ਰਿਹਾ ਹੈ ਜੋ ਆਪਣੇ ਸਿਰ ਚੜ੍ਹੇ ਕਰਜ਼ੇ ਕਾਰਨ ਖੁਦਕੁਸ਼ੀ ਕਰ ਚੁੱਕੇ ਹਨ। ਬੱਚੇ ਪੜ੍ਹਾਈ ਵਿੱਚ ਹੁਸ਼ਿਆਰ ਹਨ ਪਰ ਮਾਪਿਆਂ ਕੋਲ ਪੜ੍ਹਾਉਣ ਦੀ ਸਮਰੱਥਾ ਨਹੀਂ। ਉਨ੍ਹਾਂ ਦੱਸਿਆ ਕਿ ਜਿੱਥੇ ਸਹਾਇਤਾ ਵੱਲੋਂ ਦੇਸ਼ ਦੇ ਹੋਰ ਰਾਜਾਂ ’ਚ ਅਜਿਹੀ ਸਮਾਜ ਸੇਵਾ ਕੀਤੀ ਜਾ ਰਹੀ ਹੈ, ਉੱਥੇ ਪੰਜਾਬ ’ਚ ਸਹਾਇਤਾ ਦੇ ਪ੍ਰਧਾਨ ਡਾ. ਰਾਜਿੰਦਰ ਸਿੰਘ ਰਾਜੀ ਆਈ ਸਰਜਨ ਦੀ ਅਗਵਾਈ ਹੇਠ 1650 ਦੇ ਕਰੀਬ ਬੱਚੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ’ਚ ਪੜ੍ਹ ਰਹੇ ਹਨ ਤੇ ਹੋਰ ਵਿੱਦਿਅਕ ਸੰਸਥਾਵਾਂ ’ਚ ਵੱਖ ਵੱਖ ਕੋਰਸ ਕਰ ਰਹੇ ਹਨ। ਇਲਾਕੇ ’ਚ 95 ਦੇ ਕਰੀਬ ਬੱਚਿਆਂ ਨੂੰ ਗੋਦ ਲਿਆ ਹੈ। ਉਨ੍ਹਾਂ ਪਿੰਡ ਕੌਹਰੀਆਂ ਦੇ ਇਸ ਪਰਿਵਾਰ ਦੀਆਂ ਤਿੰਨੇ ਲੜਕੀਆਂ ਦੀ ਸਮੁੱਚੀ ਪੜ੍ਹਾਈ ਦਾ ਖਰਚਾ ਸਹਾਇਤਾ ਵੱਲੋਂ ਚੁੱਕਣ ਦਾ ਐਲਾਨ ਕੀਤਾ ਤੇ ਮੌਕੇ ਤਿੰਨੇ ਬੱਚੀਆਂ ਨੂੰ ਬੈਗ, ਰਜਿਸਟਰ ਦਿੱਤੇ ਗਏ। ਪ੍ਰਿੰਸੀਪਲ ਜਗਦੇਵ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਲੈਕਚਰਾਰ ਜਤਿੰਦਰਪਾਲ ਸਿੰਘ ਤੇ ਹਰਸੰਤ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਮੇਂ ਦੇ ਹਾਣ ਦਾ ਬਣਨ ਲਈ ਪੜ੍ਹਾਈ ਬਹੁਤ ਜਰੂਰੀ ਹੈ ਜਿਹੜੇ ਬੱਚੇ ਮਿਹਨਤ ਕਰਦੇ ਹਨ ਉਹ ਸਫਲ ਹੋ ਜਾਂਦੇ ਹਨ। ਉਨ੍ਹਾਂ ਸਹਾਇਤਾ ਇੰਡੀਆ ਦੇ ਪ੍ਰਧਾਨ ਤੇ ਆਈ ਸਰਜਨ ਡਾ. ਰਾਜਿੰਦਰ ਸਿੰਘ ਰਾਜੀ, ਸਾਬਕਾ ਆਈਏਐਸ ਕਰਮਜੀਤ ਸਿੰਘ ਸਰਾਂ, ਗਾਇਕ ਪੰਮੀ ਬਾਈ ਤੇ ਸਹਾਇਤਾ ਦੀ ਟੀਮ ਦਾ ਧੰਨਵਾਦ ਕੀਤਾ।