ਬੀਰ ਇੰਦਰ ਸਿੰਘ ਬਨਭੌਰੀ
ਸੰਗਰੂਰ, 26 ਨਵੰਬਰ
ਜਗਮੇਲ ਸਿੱਧੂ ਵੱਲੋਂ ਪੰਜਾਬੀ ਵਿੱਚ ਅਨੁਵਾਦਿਤ ਸ਼ਰਤ ਚੰਦਰ ਦੇ ਮਸ਼ਹੂਰ ਬੰਗਲਾ ਨਾਵਲ ‘ਦੇਵਦਾਸ’ ਨੂੰ ਅੱਜ ਲੋਕ ਅਰਪਣ ਕੀਤਾ ਗਿਆ। ਇੱਥੋਂ ਦੇ ਈਟਿੰਗ ਮਾਲ ਵਿੱਚ ਕੈਪਟਨ ਹਰਜੀਤ ਸਿੰਘ ਯਾਦਗਾਰੀ ਟਰੱਸਟ ਵੱਲੋਂ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਕਈ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਪ੍ਰਧਾਨਗੀ ਡਾ. ਇਕਬਾਲ ਸਿੰਘ ਸਕਰੌਦੀ ਨੇ ਕੀਤੀ ਜਦੋਂ ਕਿ ਮੁੱਖ ਮਹਿਮਾਨ ਵਜੋਂ ਡਾ. ਤੇਜਾ ਸਿੰਘ ਤਿਲਕ ਸ਼ਾਮਲ ਹੋਏ। ਇਸ ਮੌਕੇ ਡਾ. ਤੇਜਾ ਸਿੰਘ ਤਿਲਕ ਨੇ ਕਿਹਾ ਕਿ ਜਗਮੇਲ ਸਿੰਘ ਆਰਥਿਕ ਲਾਭ ਲਈ ਅਨੁਵਾਦ ਨਹੀਂ ਕਰਦੇ ਸਗੋਂ ਇਨ੍ਹਾਂ ਦੇ ਇਸ ਕਾਰਜ ਦਾ ਮੰਤਵ ਪੰਜਾਬੀ ਨਾਵਲ ਵਿਧਾ ਨੂੰ ਹੋਰ ਅਮੀਰ ਬਣਾਉਣਾ ਹੈ।
ਗ਼ਜ਼ਲਕਾਰ ਅਤੇ ਨਾਵਲਿਸਟ ਬੂਟਾ ਸਿੰਘ ਚੌਹਾਨ ਨੇ ਇਸ ਨਾਵਲ ਨੂੰ ਕਲਾਤਮਕ ਨਾਵਲ ਦੱਸਦਿਆਂ ਕਿਹਾ ਕਿ ਇਸ ਨਾਵਲ ਦੀਆਂ ਜੁਗਤਾਂ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਡਾ. ਭੁਪਿੰਦਰ ਬੇਦੀ ਨੇ ਸਿੱਧੂ ਨੂੰ ਇਸ ਲੋੜੀਂਦੇ ਕਾਰਜ ਲਈ ਵਧਾਈ ਦਿੱਤੀ। ਡਾ. ਨਰਵਿੰਦਰ ਕੌਸ਼ਲ ਨੇ ਕਿਹਾ ਕਿ ਸਿੱਧੂ ਸਾਹਿਤ ਲਈ ਉਹ ਕਾਰਜ ਕਰ ਰਿਹਾ ਹੈ ਜਿਸ ਦੀ ਸਾਹਿਤ ਨੂੰ ਲੋੜ ਹੈ। ਸੁਖਵਿੰਦਰ ਪੱਪੀ ਨੇ ਸਿੱਧੂ ਦੇ ਅਨੁਵਾਦ ਦੀ ਸਿਫ਼ਤ ਕਰਦਿਆਂ ਹੋਰਨਾਂ ਲੇਖਕਾਂ ਨੂੰ ਵੀ ਅਨੁਵਾਦ ਵੱਲ ਆ ਕੇ ਪੰਜਾਬੀ ਸਾਹਿਤ ਨੂੰ ਹੋਰ ਸਮਰੱਥ ਕਰਨ ਦਾ ਸੱਦਾ ਦਿਤਾ।
ਜਗਮੇਲ ਸਿੱਧੂ ਨੇ ਕਿਹਾ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਬਹੁਤ ਸਾਰਾ ਵਿਸ਼ਵ ਪੱਧਰ ਦਾ ਸਾਹਿਤ ਪੰਜਾਬੀ ਦੀ ਝੋਲੀ ਪਾਉਣਾ ਮੇਰਾ ਸੁਪਨਾ ਹੈ। ਦਲਬਾਰ ਸਿੰਘ ਚੱਠੇ ਸੇਖਵਾਂ ਨੇ ਵੀ ਅਨੁਵਾਦਿਤ ਸਾਹਿਤ ਦੇ ਗੁਣਾ ਬਾਰੇ ਗੱਲ ਕੀਤੀ। ਗੀਤਕਾਰ ਧਰਮੀ ਤੁੰਗਾਂ ਦੇ ਗੀਤ ਬਾਬਾ ਨਾਨਕ ਨਾਲ ਸਮਾਗਮ ਦੀ ਸ਼ੁਰੂਆਤ ਹੋਈ ਅਤੇ ਨੂਰਦੀਪ ਕੋਮਲ ਨੇ ਇਸ ਮੌਕੇ ਕਵਿਤਾ ਪੜ੍ਹੀ। ਮੰਚ ਸੰਚਾਲਨ ਲੇਖਕ ਜੀਤ ਹਰਜੀਤ ਨੇ ਕੀਤਾ।