ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 25 ਜੁਲਾਈ
ਇੱਥੋਂ ਨੇੜਲੇ ਪਿੰਡ ਮੱਟਰਾਂ ਵਿਖੇ ਪੀਣ ਵਾਲੇ ਪਾਣੀ ਦੀ ਟੈਂਕੀ ਦੀ ਸਪਲਾਈ ਪਾਈਪ ਲੀਕ ਹੋਣ ਕਾਰਣ ਦੂਸ਼ਿਤ ਹੋਏ ਪਾਣੀ ਨਾਲ ਫੈਲੀ ਪੇਚਸ਼ ਦੀ ਬੀਮਾਰੀ ਦੀ ਲਪੇਟ ਵਿੱਚ ਆਏ ਮਰੀਜ਼ਾਂ ਦੀ ਗਿਣਤੀ ਅੱਜ ਤੀਜੇ ਦਿਨ 64 ਹੋ ਗਈ।
ਪਿੰਡ ਦੀ ਸਰਪੰਚ ਗੁਰਮੇਲ ਕੌਰ ਅਤੇ ਜਗਤਾਰ ਸਿੰਘ ਤੂਰ ਨੇ ਕਿਹਾ ਕਿ ਇਸ ਸਬੰਧੀ ਜਾਣਕਾਰੀ ਦੇਣ ਤੋਂ ਬਾਅਦ ਸਿਵਲ ਹਸਪਤਾਲ ਭਵਾਨੀਗੜ੍ਹ ਦੇ ਐੱਸਐਮਓ ਡਾ. ਮਹੇਸ਼ ਆਹੂਜਾ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਪਿੰਡ ਵਿੱਚ ਪਹੁੰਚ ਗਈ। ਮਰੀਜ਼ਾਂ ਦੀ ਗਿਣਤੀ ਐਤਵਾਰ ਤੱਕ ਵੱਧ ਕੇ 60 ਦੇ ਕਰੀਬ ਪਹੁੰਚ ਗਈ ਅਤੇ ਅੱਜ 4 ਮਰੀਜ਼ ਹੋਰ ਸਾਹਮਣੇ ਆਏ। ਇਸ ਮੌਕੇ ਗੁਰਦੁਆਰੇ ’ਚ ਕੈਂਪ ਲਗਾ ਕੇ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਮੌਕੇ ਜਸਪਾਲ ਸਿੰਘ ਪ੍ਰਧਾਨ ਗੁਰੂ ਘਰ ਕਮੇਟੀ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਪ੍ਰਗਟ ਸਿੰਘ, ਸੰਦੀਪ ਸਿੰਘ ਸਮੇਤ ਪਿੰਡ ਵਾਸੀ ਹਾਜ਼ਰ ਸਨ।
ਸਥਿਤੀ ਕਾਬੂ ਹੇਠ: ਐੱਸਐੱਮਓ
ਐੱਸਐੱਮਓ ਮਹੇਸ਼ ਆਹੂਜਾ ਨੇ ਦੱਸਿਆ ਕਿ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਨੂੰ ਇਲਾਜ ਸਬੰਧੀ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਵਾਨੀਗੜ੍ਹ ਹਸਪਤਾਲ ਵਿਖੇ ਦਾਖ਼ਲ 8 ਮਰੀਜ਼ਾਂ ਵਿੱਚੋਂ ਇੱਕ ਮਰੀਜ਼ ਨੂੰ ਸੰਗਰੂਰ ਵਿਖੇ ਰੈਫ਼ਰ ਕੀਤਾ ਗਿਆ ਤੇ ਪਿੰਡ ਦੇ ਗੁਰਦੁਆਰੇ ’ਚ ਸਿਹਤ ਵਿਭਾਗ ਦੇ ਕੈਂਪ ’ਚ ਆਏ ਮਰੀਜ਼ ਪਿੰਡ ਦੇ ਕੈਂਪ ’ਚ ਹੀ ਇਲਾਜ ਅਧੀਨ ਹਨ। ਇਸ ਤੋਂ ਇਲਾਵਾ ਵਿਭਾਗ ਵੱਲੋਂ ਘਰ-ਘਰ ਜਾ ਕੇ ਸਰਵੇ ਕਰਕੇ ਕਲੋਰੀਨ ਦੀਆਂ ਗੋਲੀਆਂ ਅਤੇ ਓਆਰਐਸ ਦੇ ਪੈਕਟ ਲੋਕਾਂ ਨੂੰ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ।
ਕੀ ਕਹਿੰਦੇ ਨੇ ਵਾਟਰ ਸਪਲਾਈ ਵਿਭਾਗ ਦੇ ਐੱਸਡੀਓ
ਵਾਟਰ ਸਪਲਾਈ ਵਿਭਾਗ ਸੰਗਰੂਰ ਦੇ ਐੱਸਡੀਓ ਗੁਰਇਕਬਾਲ ਸਿੰਘ ਤੇ ਜੇਈ ਨਵਜੋਤ ਸਿੰਘ ਜੌਹਲ ਨੇ ਦੱਸਿਆ ਕਿ ਪਿੰਡ ’ਚ ਕਾਫ਼ੀ ਸਾਲ ਪਹਿਲਾਂ ਬੰਦ ਹੋਇਆ ਟੂਟੀ ਵਾਲਾ ਕੁਨੈਕਸ਼ਨ ਲੀਕ ਹੋਣ ਨਾਲ ਗੰਦਾ ਪਾਣੀ ਪੀਣ ਵਾਲੇ ਪਾਣੀ ‘ਚ ਮਿਕਸ ਹੋ ਜਾਣ ਕਰਕੇ ਪਿੰਡ ‘ਚ ਇਹ ਸਮੱਸਿਆ ਆਈ ਹੈ। ਉਨ੍ਹਾਂ ਦੀ ਟੀਮ ਵੱਲੋਂ ਉਸ ਕੁਨੈਕਸ਼ਨ ਨੂੰ ਠੀਕ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਪਿੰਡ ਦੀ ਪਾਣੀ ਵਾਲੀ ਟੈਂਕੀ ’ਚ ਦਵਾਈ ਪਾ ਕੇ ਪਿੰਡ ਦੀ ਸਾਰੀ ਪਾਈਪ ਲਾਈਨ ਨੂੰ ਸਾਫ਼ ਕਰ ਰਹੇ ਹਨ। ਇਸ ਤੋਂ ਬਾਅਦ ਪਾਣੀ ਦੇ ਸੈਂਪਲ ਦੀ ਜਾਂਚ ਕਰਵਾ ਕੇ ਪਿੰਡ ਵਾਸੀਆਂ ਨੂੰ ਪਾਣੀ ਪੀਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫਿਲਹਾਲ ਪਿੰਡ ਦੇ ਲੋਕਾਂ ਦੇ ਪੀਣ ਲਈ ਆਰਓ ਵਾਲਾ ਪਾਣੀ ਅਤੇ ਹੋਰ ਵਰਤੋਂ ਲਈ ਟੈਂਕਰਾਂ ਰਾਹੀਂ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।