ਪੱਤਰ ਪ੍ਰੇਰਕ
ਧੂਰੀ, 2 ਨਵੰਬਰ
ਪਰਾਲੀ ਸਾੜਨ ਤੋਂ ਰੋਕਣ ਦੇ ਦਿੱਤੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਛੇੜੀ ਮੁਹਿੰਮ ਦੌਰਾਨ ਹੁਕਮਾਂ ਦੀ ਉਲੰਘਣਾਂ ਪਿੰਡ ਬੱਬਨਪੁਰ ਦੇ ਇੱਕ ਨੰਬਰਦਾਰ ਪਰਿਵਾਰ ਨੂੰ ਮਹਿੰਗੀ ਪੈਣ ਦੀ ਸੰਭਾਵਨਾ ਹੈ। ਐੱਸਡੀਐੱਮ ਧੂਰੀ ਵਿਕਾਸ ਹੀਰਾ ਨੇ ਪਿੰਡ ਬਰੜਵਾਲ, ਬੇਨੜਾ ਤੇ ਹੋਰ ਪਿੰਡਾਂ ’ਚ ਕਿਸਾਨਾਂ ਨੂੰ ਪ੍ਰੇਰਿਤ ਕਰਨ ਮਗਰੋਂ ਦੱਸਿਆ ਕਿ ਬੀਤੀ ਸ਼ਾਮ ਪਿੰਡ ਬੱਬਨਪੁਰ ਵਿੱਚ ਖੇਤਾਂ ਦੇ ਦੌਰੇ ਦੌਰਾਨ ਪਿੰਡ ਦੇ ਮੌਜੂਦਾ ਨੰਬਰਦਾਰ ਪਰਮਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਪਰਾਲੀ ਨੂੰ ਅੱਗ ਲਗਾਉਂਦੇ ਪਾਇਆ ਗਿਆ। ਇਸ ਦੌਰਾਨ ਦੇਖਿਆ ਗਿਆ ਕਿ ਨੰਬਰਦਾਰ ਆਪਣੇ ਖੁਦ ਦੇ ਪਰਿਵਾਰ ਨੂੰ ਹੀ ਇਸ ਬਾਰੇ ਜਾਗਰੂਕ ਕਰਨ ਵਿੱਚ ਅਸਫਲ ਰਿਹਾ ਹੈ, ਜਿਸ ਕਾਰਨ ਨੰਬਰਦਾਰ ਦੀ ਨਿਯੁਕਤੀ ਖਾਰਜ ਕਰਨ ਸਮੇਤ ਹੋਰ ਬਣਦੀ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਸਪਸ਼ੱਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਪਹਿਲਾਂ ਹੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਕੋਈ ਵੀ ਅਧਿਕਾਰੀ, ਕਰਮਚਾਰੀ, ਨੰਬਰਦਾਰ ਆਦਿ ਖੁਦ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਰਾਲੀ ਜਾਂ ਨਾੜ ਨੂੰ ਸਾੜਦੇ ਪਾਏ ਜਾਣਗੇ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।