ਰਮੇਸ਼ ਭਾਰਦਵਾਜ
ਲਹਿਰਾਗਾਗਾ, 13 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵਾਰੰਟ ਕਬਜ਼ੇ ਨੂੰ ਰੋਕਿਆ। ਇੱਥੋਂ ਨੇੜਲੇ ਪਿੰਡ ਸੰਗਤਪੁਰਾ ਵਿੱਚ ਲੰਮੇ ਸਮੇਂ ਤੋਂ ਨਹਿਰੀ ਕੋਠੀ ਅਤੇ ਜ਼ਮੀਨੀ ਮਸਲੇ ਸਬੰਧੀ ਅਦਾਲਤ ਵੱਲੋਂ ਮੈਜਿਸਟਰੇਟ ਨੂੰ ਵਾਰੰਟ ਕਬਜ਼ਾ ਕਰਨ ਦੇ ਹੁਕਮ ਦਿੱਤੇ ਗਏ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਜਰਨਲ ਸਕੱਤਰ ਬਹਾਦਰ ਸਿੰਘ ਭੁਟਾਲ ਖੁਰਦ ਅਤੇ ਸੂਬਾ ਸਿੰਘ ਸੰਗਤਪੁਰਾ ਮੀਤ ਪ੍ਰਧਾਨ ਦੀ ਅਗਵਾਈ ਹੇਠ ਕਿਸਾਨਾਂ ਦਾ ਵੱਡਾ ਇਕੱਠ ਕਰਕੇ ਜ਼ਮੀਨ ਵਿੱਚ ਧਰਨਾ ਦਿੱਤਾ। ਅਦਾਲਤ ਦੇ ਹੁਕਮਾਂ ਮੁਤਾਬਕ ਤਹਿਸੀਲਦਾਰ ਪੁਲੀਸ ਪ੍ਰਸ਼ਾਸਨ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਸਣੇ ਵੱਡੀ ਤਿਆਰੀ ਵਜੋਂ ਕਬਜ਼ਾ ਲੈਣ ਲਈ ਪੁੱਜੇ ਪਰ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਕਬਜ਼ਾ ਨਹੀਂ ਲੈਣ ਦਿੱਤਾ ਅਤੇ ਉਨ੍ਹਾਂ ਨੂੰ ਖ਼ਾਲੀ ਹੱਥ ਵਾਪਸ ਪਰਤਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਇਸ ਦੀ ਰਿਪੋਰਟ ਬਣਾ ਕੇ ਅਦਾਲਤ ਨੂੰ ਪੇਸ਼ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਇਸ ਨਹਿਰੀ ਕੋਠੀ ਅਤੇ ਜ਼ਮੀਨ ਦੀ ਨਿਲਾਮੀ ਸਰਕਾਰ ਵੱਲੋਂ ਕਾਫੀ ਸਾਲ ਪਹਿਲਾਂ ਕੀਤੀ ਗਈ ਸੀ ਨਿਲਾਮੀ ਦੌਰਾਨ ਤਹਿਤ ਹੋਈ ਬੋਲੀ ਮੁਤਾਬਕ 13 ਲੱਖ ਤੋਂ ਵੱਧ ਰਕਮ ਦੇ ਚੈੱਕ ਸਰਕਾਰ ਨੂੰ ਮੌਜੂਦਾ ਕੋਠੀ ਮਾਲਕ ਵੱਲੋਂ ਉਸੇ ਸਮੇਂ ਸੌਂਪ ਦਿੱਤੇ ਗਏ ਸਨ, ਫਿਰ ਵੀ ਸਰਕਾਰ ਕੋਠੀ ਮਾਲਕ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਗੱਲਬਾਤ ਰਾਹੀਂ ਨੇਪਰੇ ਚਾੜੇ ਕਿਉਂਕਿ ਅਦਾ ਕਰ ਚੁੱਕੇ ਰਕਮ ਦੇ ਉਨ੍ਹਾਂ ਕੋਲ ਸਬੂਤ ਹਨ ਅਤੇ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਈ ਵਾਰ ਦਿਖਾ ਚੁੱਕੇ ਹਨ। ਸਰਕਾਰ ਅਦਾਲਤ ਰਾਹੀਂ ਵਾਰ ਵਾਰ ਵਾਰੰਟ ਕਬਜ਼ੇ ਦੇ ਸੰਮਨ ਦੇ ਕੇ ਅਤੇ ਪ੍ਰਸ਼ਾਸਨ ਜ਼ਰੀਏ ਪ੍ਰੇਸ਼ਾਨ ਕਰ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਹਾ ਕਿ ਉਹ ਇਸ ਤਰ੍ਹਾਂ ਵਾਰੰਟ ਕਬਜ਼ਾ ਨਹੀਂ ਹੋਣ ਦੇਣਗੇ।