ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 26 ਅਕਤੂਬਰ
ਨੇੜਲੇ ਪਿੰਡ ਖਡਿਆਲੀ ਵਿੱਚ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ ਜਦੋਂ ਪਿੰਡ ਦੀ ਇੱਕ ਥਾਂ ਉੱਤੇ ਚਿਰਾਂ ਤੋਂ ਉਸਾਰੇ ਮਕਾਨਾਂ ਦੀ ਜ਼ਮੀਨ ਨੂੰ ਕਥਿਤ ਤੌਰ ’ਤੇ ਪੰਚਾਇਤੀ ਦੱਸ ਕੇ ਖਾਲੀ ਕਰਵਾਉਣ ਦੇ ਮਨਸ਼ੇ ਨਾਲ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚ ਗਏ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨ ਇਨ੍ਹਾਂ ਅਧਿਕਾਰੀਆਂ ਦੇ ਆਹਮੋ-ਸਾਹਮਣੇ ਹੋ ਗਏ। ਰੋਹ ਵਿੱਚ ਆਏ ਕਿਸਾਨ ਯੂਨੀਅਨ ਨੇ ਉਥੇ ਧਰਨਾ ਲਗਾ ਦਿੱਤਾ ਅਤੇ ਅਧਿਕਾਰੀਆਂ ਨੂੰ ਖਾਲੀ ਹੱਥ ਮੁੜਨਾ ਪਿਆ।
ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਦੱਸਿਆ ਕਿ ਪਿੰਡ ’ਚ ਕਾਫੀ ਲੰਮੇ ਸਮੇਂ ਤੋਂ ਕੁੱਝ ਪਰਿਵਾਰ ਰਹਿ ਰਹੇ ਹਨ ਜਿੰਨਾਂ ਨੂੰ ਤੱਤਕਾਲੀ ਸਰਪੰਚ ਵੱਲੋਂ ਇਹ ਥਾਂ ਮੁੱਲ ਵੇਚੀ ਗਈ ਸੀ। ਹੁਣ ਕਈ ਸਾਲਾਂ ਬਾਅਦ ਪਿੰਡ ਦੀ ਦੂਜੀ ਪੰਚਾਇਤ ਅਤੇ ਪ੍ਰਸ਼ਾਸਨ ਇਨ੍ਹਾਂ ਘਰਾਂ ਵਾਲੀ ਥਾਂ ਨੂੰ ਪੰਚਾਇਤੀ ਥਾਂ ਦੱਸ ਕੇ ਪਰਿਵਾਰਾਂ ਨੂੰ ਉਜਾੜਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਰੁਝਾਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਪੀੜਤ ਪਰਿਵਾਰਾਂ ਨਾਲ ਖੜ੍ਹੀ ਹੈ ਅਤੇ ਕਿਸੇ ਵੀ ਪਰਿਵਾਰ ਨੂੰ ਬੇਘਰ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਪਰਿਵਾਰਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨ ਯੂਨੀਅਨ ਤਿੱਖੇ ਸੰਘਰਸ਼ਾਂ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਪੀੜ੍ਹੀਆਂ ਤੋਂ ਵਸੇ ਇਨ੍ਹਾਂ ਪਰਿਵਾਰਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ।