ਪੱਤਰ ਪ੍ਰੇਰਕ
ਸ਼ੇਰਪੁਰ, 15 ਅਪਰੈਲ
ਨੌਵੇਂ ਤੇ ਦਸਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਨਗਰ ਮੂਲੋਵਾਲ ਦਾ ਦਰਜਾ ਵਧਾਏ ਜਾਣ ਲਈ ਦਹਾਕਿਆਂ ਤੋਂ ਭਾਵੇਂ ਕਈ ਵਾਰ ਵੱਖ-ਵੱਖ ਮੰਗਾਂ ਉਠਦੀਆਂ ਰਹੀਆਂ ਪਰ ਹਾਲੇ ਤੱਕ ਇਲਾਕੇ ਦੀਆਂ ਪੰਚਾਇਤਾਂ ਤੇ ਲੋਕਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ। ਹੁਣ ਮੂਲੋਵਾਲ ਵਿੱਚ ਮੈਡੀਕਲ ਕਾਲਜ ਬਣਾਏ ਜਾਣ ਸਬੰਧੀ ਬਲਾਕ ਪੰਚਾਇਤ ਯੂਨੀਅਨ ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਹਲਕੇ ਦੇ ਇਸ ਨਗਰ ਵਿੱਚ ਮੈਡੀਕਲ ਕਾਲਜ ਲਿਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਸ ਸਬੰਧੀ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਦਿੱਤਾ। ਬਲਾਕ ਪੰਚਾਇਤ ਯੂਨੀਅਨ ਦੇ ਮੋਹਰੀ ਆਗੂ ਸਰਪੰਚ ਗੁਰਦੀਪ ਸਿੰਘ ਸੁਲਤਾਨਪੁਰ, ਸਰਪੰਚ ਲਖਵੀਰ ਸਿੰਘ ਧੰਦੀਵਾਲ, ਸਰਪੰਚ ਕੁਲਦੀਪ ਸਿੰਘ ਬਾਲੀਆਂ ਸਮੇਤ ਹੋਰਨਾ ਨੇ ਦੱਸਿਆ ਕਿ ਸੰਨ 2020 ਤੋਂ ਉਨ੍ਹਾਂ ਦਾ ਕੇਂਦਰ ਸਰਕਾਰ ਮਨਿਸਟਰੀ ਆਫ਼ ਹੈਲਥ ਨਾਲ ਪੱਤਰਾਂ ਦਾ ਆਦਾਨ ਪ੍ਰਦਾਨ ਹੋ ਰਿਹਾ ਹੈ। ਮੂਲੋਵਾਲ ਦੇ ਸਰਪੰਚ ਜਗਪਾਲ ਸਿੰਘ ਜੱਗੀ ਨੇ ਦੱਸਿਆ ਕਿ ਵਿੱਦਿਆਦਾਨੀ ਸੰਤ ਬਾਬਾ ਰਣਜੀਤ ਸਿੰਘ ਨੇ 60 ਵਿੱਘੇ ਜ਼ਮੀਨ ਅਜਿਹੇ ਮਿਸ਼ਨ ਲਈ ਛੱਡੀ ਸੀ ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਖਰੀਦ ਕੇਂਦਰ ਬਣ ਚੁੱਕੇ ਹਨ ਅਤੇ ਮੈਡੀਕਲ ਕਾਲਜ ਬਣਾਏ ਜਾਣ ਲਈ ਕਾਫ਼ੀ ਜਗ੍ਹਾ ਪਈ ਹੈ।