ਹਰਦੀਪ ਸਿੰਘ ਸੋਢੀ
ਧੂਰੀ, 12 ਅਗਸਤ
ਸ਼ਹਿਰ ਦੇ ਵਾਰਡ ਨੰਬਰ 18 ਦੇ ਲੋਕਾਂ ਨੇ ਗੰਦੇ ਪਾਣੀ ਦੀ ਨਿਕਾਸੀ ਦੇ ਕਥਿਤ ਨਾਕਸ ਪ੍ਰਬੰਧਾਂ ਖਿਲਾਫ ਸੰਗਰੂਰ-ਲੁਧਿਆਣਾ ਸੜਕ ’ਤੇ ਓਵਰਬ੍ਰਿਜ ਨੇੜੇ ਆਵਾਜਾਈ ਠੱਪ ਕਰ ਕੇ ਰੋਸ ਜ਼ਾਹਿਰ ਕੀਤਾ। ਉਨ੍ਹਾਂ ਨਿਕਾਸੀ ਦਾ ਮਾਮਲਾ ਹੱਲ ਕਰਨ ਦੀ ਮੰਗ ਕੀਤੀ।
ਆਮ ਆਦਮੀ ਪਾਰਟੀ ਦੇ ਆਗੂ ਡਾ.ਅਨਵਰ ਭਸੌੜ, ਐਸ.ਐਸ ਚੱਠਾ, ਵਾਰਡ ਕੌਂਸਲਰ ਦੇ ਪਤੀ ਰੂਬਲ ਬਾਜਵਾ ਤੇ ਪ੍ਰੀਤ ਧੂਰੀ, ਦਲਿਤ ਆਗੂ ਵਿਕੀ ਪਰੋਚਾ ਤੇ ਕੌਂਸਲਰ ਅਜੇ ਪਰੋਚਾ ਨੇ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਮਾੜੇ ਪ੍ਰਬੰਧਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੀਵਰੇਜ ਵਾਰ-ਵਾਰ ਬੰਦ ਹੋਣ ਕਾਰਨ ਗੰਦਾ ਪਾਣੀ ਗਲੀਆਂ ’ਚ ਖੜ੍ਹਨ ਕਾਰਨ ਮੁਹੱਲੇ ਦੇ ਲੋਕਾਂ ਨੂੰ ਕਈ ਸਮੱਸਿਆਵਾਂ ਨਾਲ ਜੂਝਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਆਗੂਆਂ ਨਗਰ ਕੌਂਸਲ ’ਤੇ ਕਾਬਜ਼ ਧਿਰ ’ਤੇ ਪੱਖਪਾਤ ਦਾ ਦੋਸ਼ ਲਗਾਉਦਿਆਂ ਕਿਹਾ ਕਿ ਸ਼ਹਿਰ ਵਿੱਚ ਵਿਰੋਧੀ ਧਿਰ ਦੇ ਜੇਤੂ ਕੌਂਸਲਰਾਂ ਦੇ ਵਾਰਡਾਂ ਵਿੱਚ ਵਿਕਾਸ ਕਾਰਜ ਕਰਵਾਉਣ ’ਚ ਵਿਤਕਰਾ ਕੀਤਾ ਜਾ ਰਿਹਾ ਹੈ।
ਬਾਅਦ ਵਿੱਚ ਮੌਕੇ ’ਤੇ ਪਹੁੰਚੇ ਸੀਵਰੇਜ ਬੋਰਡ ਦੇ ਐੱਸਡੀਓ ਏ.ਐੱਸ ਖੁਰਾਣਾ ਵੱਲੋਂ ਪਾਣੀ ਦੀ ਨਿਕਾਸੀ ਦਾ ਜਲਦੀ ਹੱਲ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।