ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 22 ਜੂਨ
ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਿੱਥੇ ਪ੍ਰਸ਼ਾਸਨ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਪ੍ਰਸ਼ਾਸਨ ਦਾ ਸਾਥ ਦਿੱਤਾ ਜਾ ਰਿਹਾ ਹੈ। ਅਜਿਹੇ ਹੀ ਸਮੇਂ ਕੋਕਾ ਕੋਲਾ ਇੰਡੀਆ ਦੇ ਸਹਿਯੋਗ ਨਾਲ ਪੀਐੱਚਡੀਆਰਡੀਐਫ਼ ਵੱਲੋਂ ਪ੍ਰਸ਼ਾਸਨ ਨੂੰ ਲੋੜਵੰਦਾਂ ’ਚ ਵੰਡਣ ਲਈ ਸੇਬ ਜੂਸ ਦੀਆਂ 56 ਹਜ਼ਾਰ ਬੋਤਲਾਂ ਭੇਟ ਕੀਤੀਆਂ ਗਈਆਂ ਹਨ। ਦੋ ਟਰੱਕਾਂ ਰਾਹੀਂ ਆਈਆ ਇਹ ਬੋਤਲਾਂ ਡਿਪਟੀ ਕਮਿਸ਼ਨਰ ਰਾਮਵੀਰ ਅਤੇ ਐੱਸਐੱਸਪੀ ਡਾ. ਸੰਦੀਪ ਗਰਗ ਦੀ ਮੌਜੂਦਗੀ ਵਿੱਚ ਸੌਂਪੀਆਂ ਗਈਆਂ। ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਪੀਐੱਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਰੂਰਲ ਡਵੈਲਪਮੈਂਟ ਫਾਊਂਡੇਸ਼ਨ ਦੇ ਜ਼ੋਨ ਕਨਵੀਨਰ ਘਨਸ਼ਿਆਮ ਕਾਂਸਲ ਵਲੋਂ ਪੀਐੱਚਡੀ ਚੈਂਬਰ ਚੰਡੀਗੜ੍ਹ ਦੇ ਚੇਅਰਮੈਨ ਕਰਨ ਗਿਲਹੋਤਰਾ ਤੇ ਆਰਐੱਸ ਸੱਚਦੇਵਾ ਦੇ ਸਹਿਯੋਗ ਨਾਲ ਸੇਬ ਜੂਸ ਦੀਆਂ ਬੋਤਲਾਂ ਪ੍ਰਸ਼ਾਸਨ ਨੂੰ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੂਸ ਦੀਆਂ ਬੋਤਲਾਂ ਨੂੰ ਕੋਵਿਡ ਡਿਊਟੀ ’ਤੇ ਤਾਇਨਾਤ ਡਾਕਟਰੀ ਸਟਾਫ਼, ਮਰੀਜ਼ਾਂ, ਪੁਲੀਸ ਮੁਲਾਜ਼ਮਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ।