ਪੱਤਰ ਪ੍ਰੇਰਕ
ਭਵਾਨੀਗੜ੍ਹ, 17 ਅਕਤੂਬਰ
ਇਥੋਂ ਨੇੜਲੇ ਪਿੰਡ ਸੰਗਤਪੁਰਾ ਵਿਚ ਪੰਚਾਇਤੀ ਚੋਣਾਂ ਦੀ ਗਿਣਤੀ ਸਮੇਂ ਇੱਕ ਵਿਅਕਤੀ ਵੱਲੋਂ ਵੋਟ ਪਰਚੀਆਂ ਪਾੜਨ ਵਾਲੇ ਨੂੰ ਕਾਬੂ ਕਰਕੇ ਉਸ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਸੰਗਤਪੁਰਾ ਵਿਚ ਵੋਟਾਂ ਦੀ ਗਿਣਤੀ ਦੌਰਾਨ ਇਕ ਵਿਅਕਤੀ ਨੇ ਵੋਟਾਂ ਪਾੜ ਦਿੱਤੀਆਂ। ਉਥੇ ਪਹੁੰਚਣ ’ਤੇ ਉਨ੍ਹਾਂ ਨੂੰ ਪ੍ਰੀਜ਼ਾਈਡਿੰਗ ਅਫਸਰ ਦਰਸ਼ਨ ਸਿੰਘ ਨੇ ਦੱਸਿਆ ਕਿ ਸਰਪੰਚੀ ਦੀਆਂ ਵੋਟਾਂ ਦੀ ਗਿਣਤੀ ਵਿੱਚ ਸਰਪੰਚੀ ਦੀ ਉਮੀਦਵਾਰ ਪਰਮਜੀਤ ਕੌਰ ਜਿੱਤ ਰਹੀ ਸੀ। ਇਸੇ ਦੌਰਾਨ ਹਾਰਨ ਵਾਲੀ ਉਮੀਦਵਾਰ ਰਾਜਿੰਦਰ ਕੌਰ ਦੇ ਪਤੀ ਰਸ਼ਪਿੰਦਰ ਸਿੰਘ ਨੇ ਵੋਟਾਂ ਦੀ ਗਿਣਤੀ ਦੁਬਾਰਾ ਕਰਨ ਦੀ ਮੰਗ ਕੀਤੀ। ਜਦੋਂ ਉਨ੍ਹਾਂ ਨੇ ਦੁਬਾਰਾ ਗਿਣਤੀ ਕੀਤੀ ਤਾਂ ਵੀ ਪਰਮਜੀਤ ਕੌਰ ਦੀਆਂ 10 ਵੋਟਾਂ ਵੱਧ ਨਿਕਲੀਆਂ। ਉਨ੍ਹਾਂ ਵੱਲੋਂ ਜਦੋਂ ਪਰਮਜੀਤ ਕੌਰ ਦੇ ਜੇਤੂ ਹੋਣ ਸਬੰਧੀ ਫ਼ਾਰਮ ਭਰਿਆ ਜਾ ਰਿਹਾ ਸੀ ਤਾਂ ਰਸ਼ਪਿੰਦਰ ਸਿੰਘ ਨੇ ਵੋਟ ਪਰਚੀਆਂ ਵਾਲਾ ਬੰਡਲ ਚੁੱਕ ਕੇ ਉਸ ਵਿੱਚੋਂ 25 ਪਰਚੀਆਂ ਪਾੜ ਦਿੱਤੀਆਂ।