ਰਮੇਸ਼ ਭਾਰਦਵਾਜ
ਲਹਿਰਾਗਾਗਾ, 4 ਜੁਲਾਈ
ਇਲਾਕੇ ਦੇ ਪਿੰਡ ਚੋਟੀਆਂ ਦੇ ਪਾਜ਼ੇਟਿਵ ਪਾਏ ਗਏ 32 ਸਾਲ ਦੇ ਬਲਵੀਰ ਸਿੰਘ ਨੇ ਪੁਲੀਸ ਤੇ ਸਿਹਤ ਵਿਭਾਗ ਨੂੰ ਚੰਗਾ ਵਕਤ ਪਾਇਆ ਜਦੋਂ ਉਹ ਬਿਨਾਂ ਦੱਸੋ ਘਰੋਂ ਕਿਧਰੇ ਤੁਰ ਗਿਆ। ਸਵੇਰੇ ਐੱਸਐੱਮਓ ਡਾ. ਕਰਮਜੀਤ ਸਿੰਘ, ਐੱਸਐੱਮਓ ਡਾ. ਸੂਰਜ ਸ਼ਰਮਾ ਤੇ ਐੱਮਪੀ ਡਬਲਿਊ ਸੁਰਿੰਦਰ ਸਿੰਘ ਜੋਸ਼ੀ ਨੇ ਸਰਪੰਚ ਤੇ ਪੁਲੀਸ ਨੂੰ ਨਾਲ ਲੈ ਕੇ ਉਸ ਦੀ ਭਾਲ ਸ਼ੁਰੂ ਕੀਤੀ ਅਤੇ ਉਸ ਦੇ ਫੋਨ ਦੀ ਲੋਕੇਸ਼ਨ ਮੂਨਕ ਇਲਾਕੇ ਦੀ ਮਿਲੀ। ਪਤਾ ਲੱਗਿਆ ਕਿ ਉਹ ਮੂਨਕ ਤੋਂ ਪਾਤੜਾਂ ਦੀ ਬੱਸ ’ਤੇ ਚੜ੍ਹ ਗਿਆ ਸੀ ਅਤੇ ਉਸ ਦੇ ਬੇਟੇ ਵੱਲੋਂ ਫੋਨ ਕਰਨ ’ਤੇ ਬੱਸ ਚੋਂ ਉਤਰ ਕੇ ਆਪਣੇ ਬੇਟੇ ਨਾਲ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਵਾਪਸ ਮੂਨਕ ਬੈਰੀਅਰ ’ਤੇ ਪਹੁੰਚਣ ’ਤੇ ਪੁਲੀਸ ਨੇ ਉਸ ਨੂੰ ਕਾਬੂ ਕਰ ਕੇ ਸਿਹਤ ਵਿਭਾਗ ਨੂੰ ਸੌਂਪਿਆ ਤਾਂ ਸਿਹਤ ਅਧਿਕਾਰੀਆਂ ਨੇ ਉਸ ਨੂੰ ਐਂਬੂਲੈਂਸ ਰਾਹੀਂ ਜ਼ਿਲ੍ਹੇ ਦੇ ਕੋਵਿਡ ਕੇਂਦਰ ਹਸਪਤਾਲ ਘਾਬਦਾ ਭੇਜ ਕੇ ਸੁੱਖ ਦਾ ਸਾਹ ਲਿਆ।
ਜ਼ਿਕਰਯੋਗ ਹੈ ਕਿ ਪਿੰਡ ਚੋਟੀਆਂ ਦੇ ਵਸਨੀਕ ਕਰਮਦੀਪ ਸਿੰਘ ਦੇ ਗੁਰੂਗਰਾਮ ਤੋਂ ਵਾਪਿਸ ਪਿੰਡ ਆਉਣ ਮਗਰੋਂ ਪਿੰਡ ’ਚ ਉਸ ਦੇ ਅੱਠ ਪਰਿਵਾਰਕ ਮੈਂਬਰ ਪਾਜ਼ੇਟਿਵ ਆਏ ਹਨ। ਉਸ ਦੇ ਪਰਿਵਾਰ ਨਾਲ ਸੰਪਰਕ ਵਾਲੇ 12 ਦੀ ਰਿਪੋਰਟ ਭੇਜੀ ਸੀ ਜਿਸ ਵਿੱਚੋਂ ਰਾਤ ਬਲਵੀਰ ਸਿੰਘ ਦੀ ਰਿਪੋਰਟ ਪਾਜ਼ੇਟਿਵ ਆਈ ਅਤੇ ਚੋਟੀਆਂ ਦੇ ਅਵਤਾਰ ਸਿੰਘ 35, ਸੰਜੀਵ ਕੁਮਾਰ 20 ਦੀ ਰਿਪੋਰਟ ਨੈਗੇਟਿਵ ਆਈ। ਸਿਹਤ ਵਿਭਾਗ ਨੇ ਪਾਜ਼ੇਟਿਵ ਆਏ ਬਲਵੀਰ ਸਿੰਘ ਦੇ ਪੁੱਤਰਾਂ ਸਮੇਤ ਤਿੰਨ ਨੂੰ ਸੈਂਪਲ ਲੈ ਕੇ 14 ਦਿਨ ਲਈ ਇਕਾਂਤਵਾਸ ’ਚ ਭੇਜ ਦਿੱਤਾ ਹੈ।
ਮਾਲੇਰਕੋਟਲਾ ’ਚ ਕਰੋਨਾ ਕੇਸਾਂ ਦੀ ਗਿਣਤੀ 208 ਹੋਈ
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਸਿਹਤ ਬਲਾਕ ਮਾਲੇਰਕੋਟਲਾ ’ਚ ਕਰੋਨਾ ਪਾਜ਼ੇਟਿਵ ਮਾਮਲੇ ਦਿਨੋਂ-ਦਿਨ ਵਧ ਰਹੇ ਹਨ। ਸਿਹਤ ਬਲਾਕ ਮਾਲੇਰਕੋਟਲਾ ‘ਚ ਅੱਜ ਤੱਕ ਕਰੋਨਾ ਪਾਜ਼ੇਟਿਵਾਂ ਦੀ ਗਿਣਤੀ 208 ਹੋ ਗਈ ਹੈ, ਜਿਨ੍ਹਾਂ ‘ਚੋਂ ਹੁਣ ਤੱਕ 129 ਮਰੀਜ਼ ਰਾਜ਼ੀ ਹੋ ਚੁੱਕੇ ਹਨ, 68 ਐਕਟਿਵ ਕੇਸ ਹਨ ਅਤੇ 11 ਜਣਿਆਂ ਦੀ ਮੌਤ ਹੋ ਚੁੱਕੀ ਹੈ। ਐੱਸਡੀਐੱਮ ਮਾਲੇਰਕੋਟਲਾ, ਵਿਕਰਮਜੀਤ ਸਿੰਘ ਪਾਂਥੇ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕਰੋਨਾ ਮਹਾਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਸਮਾਜਿਕ ਦੂਰੀ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਤੇ ਘਰੋਂ ਬਾਹਰ ਜਾਣ ਮੌਕੇ ਮਾਸਕ ਪਾਉਣ ਅਤੇ ਹੱਥ ਮਿਲਾਉਣ ਤੋਂ ਪ੍ਰਹੇਜ਼ ਕਰਨ, ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਰੱਖਣ, ਬਗ਼ੈਰ ਜ਼ਰੂਰਤ ਤੋਂ ਘਰ ਤੋਂ ਬਾਹਰ ਨਾ ਜਾਣ, ਭੀੜ ਵਾਲੀਆਂ ਥਾਂਵਾਂ ‘ਤੇ ਜਾਣ ਤੋਂ ਗੁਰੇਜ਼ ਕਰਨ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਦੁਕਾਨ ਦੇ ਅੰਦਰ ਸਮਾਜਿਕ ਦੂਰੀ ਦਾ ਖ਼ਿਆਲ ਰੱਖਿਆ ਜਾਵੇ। ਸ੍ਰੀ ਪਾਂਥੇ ਨੇ ਸਮਾਜ ਸੇਵਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਨੂੰ ਕਰੋਨਾ ਦੇ ਫੈਲਾਅ ਨੂੰ ਰੋਕਣ ਸਬੰਧੀ ਸਿਹਤ ਵਿਭਾਗ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਲਈ ਪ੍ਰੇਰਿਤ ਕਰਨ।
ਬਿਹਾਰ ਤੋਂ ਆਏ ਮਾਂ-ਪੁੱਤ ਇਕਾਂਤਵਾਸ ’ਚ ਭੇਜੇ
ਲਹਿਰਾਗਾਗਾ (ਪੱਤਰ ਪ੍ਰੇਰਕ): ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸੂਰਜ ਸ਼ਰਮਾ ਅਤੇ ਐੱਮਪੀਡਬਲਯੂ ਕਾਲਾ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਕਾਠਪੁਲ ਬਸਤੀ ਵਾਰਡ 15 ਦੇ ਵਸਨੀਕ ਬੈਜਨਾਥ ਦੀ ਪਤਨੀ ਚੰਦਾ ਦੇਵੀ (33) ਅਤੇ ਉਸ ਦੇ ਪੁੱਤਰ ਨਿਸ਼ਾਨ ਕੁਮਾਰ (7) ਨੂੰ ਬਿਹਾਰ ਤੋਂ ਵਾਪਸ ਆਉਣ ’ਤੇ ਸਿਹਤ ਵਿਭਾਗ ਦੀ ਟੀਮ ਨੇ ਸੈਂਪਲਿੰਗ ਲੈ ਕੇ 14 ਦਿਨਾਂ ਲਈ ਇਕਾਂਵਾਸ ’ਚ ਭੇਜਿਆ ਹੈ।