ਪੱਤਰ ਪ੍ਰੇਰਕ
ਲਹਿਰਾਗਾਗਾ, 18 ਸਤੰਬਰ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਗੋਪੀ ਕੱਲਰਭੈਣੀ ਦੀ ਅਗਵਾਈ ਹੇਠ ਤਿੰਨ ਪਿੰਡਾਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਅੱਜ ਦੂਜੇ ਦਿਨ ਬੀਡੀਪੀਓ ਦਫ਼ਤਰ ਅੱਗੇ ਜਾਰੀ ਰਿਹਾ।
ਮਜ਼ਦੂਰ ਆਗੂਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਪਿੰਡ ਸਲੇਮਗੜ੍ਹ ਦੇ 1975 ਵਿੱਚ ਕੱਟੇ ਪਲਾਟਾਂ ਦਾ ਕਬਜ਼ਾ ਦਿੱਤਾ ਜਾਵੇ ਅਤੇ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਪੂਰੀ ਕਰਵਾਈ ਜਾਵੇ, ਇਸੇ ਤਰ੍ਹਾਂ ਹੀ ਪਿੰਡ ਚੱਠੇ ਗੋਬਿੰਦਪੁਰਾ ਵਿੱਚ ਪੰਚਾਇਤੀ ਰਾਖਵੀਂ ਜ਼ਮੀਨ ਦੀ ਕੀਤੀ ਗਈ ਡੰਮੀ ਬੋਲੀ ਰੱਦ ਕਰਵਾ ਕੇ ਸਮੂਹ ਐਸਸੀ ਪਰਿਵਾਰਾਂ ਨੂੰ ਸਾਂਝੇ ਰੂਪ ਵਿੱਚ ਖੇਤੀ ਕਰਨ ਲਈ ਦਿੱਤੀ ਜਾਵੇ। ਪਿੰਡ ਗੋਬਿੰਦਪੁਰਾ ਪਾਪੜਾ ਵਿੱਚ ਪੰਚਾਇਤੀ ਜ਼ਮੀਨ ਨੂੰ ਪੱਧਰ ਕਰਾਉਣ ਦਾ ਹੋਇਆ 80000 ਦਾ ਚੈੱਕ ਤੁਰੰਤ ਦਿੱਤਾ ਜਾਵੇ। ਇਸ ਦੌਰਾਨ ਆਗੂਆਂ ਨੇ ਦੋਸ਼ ਲਾਇਆ ਕਿ ਸਬੰਧਤ ਅਧਿਕਾਰੀਆਂ ਵੱਲੋਂ ਮੰਗਾਂ ਨੂੰ ਹੱਲ ਕਰਨ ਵਿੱਚ ਕੋਈ ਵੀ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਹੈ। ਕਮੇਟੀ ਆਗੂ ਗੁਰਜੰਟ ਸਿੰਘ ਲਹਿਲ ਕਲਾਂ, ਬਲਵਿੰਦਰ ਸਿੰਘ, ਗੁਰਮੀਤ ਸਿੰਘ ਸ਼ੇਰਗੜ੍ਹ ਤੇ ਨਿਰਭੈ ਸਿੰਘ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸਬੰਧਤ ਅਧਿਕਾਰੀਆਂ ਨੇ ਸਮੇਂ ਸਿਰ ਮੰਗਾਂ ਦਾ ਹੱਲ ਨਾ ਕੀਤਾ ਤਾਂ ਇਹ ਸ਼ਾਂਤਮਈ ਧਰਨੇ ਨੂੰ ਤਿੱਖੇ ਐਕਸ਼ਨ ਵਿੱਚ ਬਦਲਿਆ ਜਾ ਸਕਦਾ ਹੈ।