ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 3 ਜਨਵਰੀ
ਗਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਤੇ ਪੰਪ ਉਪਰੇਟਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਸਥਾਨਕ ਰਿਹਾਇਸ਼ ਨੇੜੇ ਲਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਆਮ ਆਦਮੀ ਪਾਰਟੀ ਦੇ ਮਾਲੇਰਕੋਟਲਾ ਤੋਂ ਉਮੀਦਵਾਰ ਡਾ. ਜਮੀਲ ਉਰ ਰਹਿਮਾਨ ਨੇ ਧਰਨੇ ’ਚ ਪੁੱਜ ਕੇ ਧਰਨਾਕਾਰੀਆਂ ਦੀਆਂ ਮੰਗਾਂ ਦੀ ਹਮਾਇਤ ਕਰਦਿਆਂ ਪੰਜਾਬ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਧਰਨਾਕਾਰੀਆਂ ਦੀਆਂ ਮੰਗਾਂ ਜਾਇਜ਼ ਹਨ ,ਜੋ ਤੁਰੰਤ ਪ੍ਰਵਾਨ ਕੀਤੀਆਂ ਜਾਣ। ਐਸੋਸੀਏਸ਼ਨ ਦੇ ਇੱਕ ਵਫ਼ਦ ਨੇ ਸੁਖਜੀਤ ਸਿੰਘ ਅਤੇ ਬੇਅੰਤ ਸਿੰਘ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਸਬੰਧੀ ਵਿਭਾਗ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨਾਲ ਬੈਠਕ ਕੀਤੀ। ਵਫ਼ਦ ਨੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਤੋਂ ਮੰਗ ਕੀਤੀ ਕਿ ਪੰਪ ਅਪਰੇਟਰਾਂ ਦੀ ਡੀਸੀ ਰੇਟ ਅਨੁਸਾਰ ਤਨਖ਼ਾਹ ਤੈਅ ਕੀਤੀ ਜਾਵੇ, ਤਨਖ਼ਾਹ ਵਰਕਰਾਂ ਦੇ ਸਿੱਧੇ ਖ਼ਾਤਿਆਂ ਵਿੱਚ ਪਾਈ ਜਾਵੇ, ਪੰਚਾਇਤਾਂ ਵੱਲੋਂ ਵਰਕਰਾਂ ਦੀਆਂ ਛਾਂਟੀਆਂ ਬੰਦ ਕੀਤੀਆਂ ਜਾਣ ਅਤੇ ਵਰਕਰਾਂ ਨੂੰ ਸਿਹਤ ਬੀਮੇ ਦੇ ਘੇਰੇ ਵਿਚ ਲਿਆਂਦਾ ਜਾਵੇ।
ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਇਹ ਭਰੋਸੇ ਮਗਰੋਂ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਕੈਬਨਿਟ ਮੀਟਿੰਗ ’ਚ ਵਿਚਾਰ ਕੇ ਹੱਲ ਕੀਤਾ ਜਾਵੇਗਾ , ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ।