ਪੱਤਰ ਪ੍ਰੇਰਕ
ਲੌਂਗੋਵਾਲ, 31 ਜੁਲਾਈ
ਮੋਹਲੇਧਾਰ ਮੀਂਹ ਗੰਭੀਰ ਬਿਮਾਰੀ ਤੋਂ ਪੀੜਤ ਦਲਿਤ ਵਿਅਕਤੀ ’ਤੇ ਮੁਸੀਬਤ ਬਣ ਕੇ ਵਰ੍ਹਿਆ। ਮੀਂਹ ਕਾਰਨ ਬੀਰੂ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਹੰਦੂ ਪੱਤੀ ਦੇ ਘਰ ਦੇ ਹਾਲ ਕਮਰੇ ਦੀ ਛੱਤ ਡਿੱਗ ਪਈ। ਇਸ ਕਾਰਨ ਬਾਕੀ ਦੇ ਸਾਰੇ ਘਰ ਵਿੱਚ ਵੀ ਤਰੇੜਾਂ ਆ ਗਈਆਂ ਹਨ। ਜ਼ਿਕਰਯੋਗ ਹੈ ਕਿ ਬੀਰੂ ਸਿੰਘ ਗੁਰਦਿਆਂ ਦੀ ਗੰਭੀਰ ਬਿਮਾਰੀ ਤੋਂ ਪੀੜਤ ਹੈ। ਆਪਣੇ ਪਿਤਾ ਵੱਲੋਂ ਦਾਨ ਦਿੱਤੇ ਗੁਰਦੇ ਦੇ ਟਰਾਂਸਪਲਾਂਟ ਤੋਂ ਬਾਅਦ ਉਹ ਕੁੱਝ ਸਮਾਂ ਪਹਿਲਾਂ ਹੀ ਪੀਜੀਆਈ ਚੰਡੀਗੜ੍ਹ ਤੋਂ ਵਾਪਸ ਘਰ ਪਰਤਿਆ ਹੈ। ਲਗਾਤਾਰ ਪੈ ਰਿਹਾ ਮੀਂਹ ਪੀੜਤ ਪਰਿਵਾਰ ਲਈ ਵੱਡੀ ਮੁਸੀਬਤ ਖੜ੍ਹੀ ਕਰ ਗਿਆ।
ਬੀਰੂ ਸਿੰਘ ਨੇ ਦੱਸਿਆ ਕਿ ਛੱਤ ਤੋਂ ਇਲਾਵਾ ਰਸੋਈ ਅਤੇ ਬਾਥਰੂਮ ਵੀ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ ਸਾਰੇ ਘਰ ਵਿੱਚ ਤਰੇੜਾਂ ਆ ਗਈਆਂ ਹਨ। ਉਸ ਨੇ ਦੱਸਿਆ ਕਿ ਘਰ ਵਿਚ ਉਸ ਦੇ ਮਾਪਿਆਂ ਤੋਂ ਇਲਾਵਾ ਪਤਨੀ ਅਤੇ ਦੋ ਬੱਚੇ ਹਨ। ਉਸ ਦੀ ਬਿਮਾਰੀ ’ਤੇ ਲੱਖਾਂ ਰੁਪਏ ਦਾ ਖ਼ਰਚਾ ਆ ਚੁੱਕਿਆ ਹੈ। ਗੁਰਦਿਆਂ ਦੇ ਅਪਰੇਸ਼ਨ ਹੋਣ ਕਾਰਨ ਨਾ ਤਾਂ ਉਹ ਖ਼ੁਦ ਅਤੇ ਨਾ ਹੀ ਉਸ ਦਾ ਪਿਤਾ ਮਜ਼ਦੂਰੀ ਕਰ ਸਕਦਾ ਹੈ। ਉਸ ਦੀ ਇਕ ਮਹੀਨੇ ਦੀ ਦਵਾਈ ਹੀ 11 ਹਜ਼ਾਰ ਰੁਪਏ ਦੀ ਆਉਂਦੀ ਹੈ ਜਦੋਂਕਿ ਆਮਦਨ ਇਕ ਧੇਲੇ ਦੀ ਵੀ ਨਹੀਂ ਹੈ। ਉਸ ਨੇ ਦੱਸਿਆ ਕਿ ਉਹ ਮਕਾਨ ਦੀ ਮੁਰਮੰਤ ਕਰਵਾਉਣ ਦੇ ਸਮਰੱਥ ਵੀ ਨਹੀਂ ਹੈ। ਬੀਰੂ ਸਿੰਘ ਨੇ ਸਮਾਜਸੇਵੀ ਸੰਸਥਾਵਾਂ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਬੱਚਿਆਂ ਦੇ ਸਿਰ ’ਤੇ ਛੱਤ ਦਾ ਇੰਤਜ਼ਾਮ ਕੀਤਾ ਜਾਵੇ ਤੇ ਉਸ ਦੀ ਮਾਲੀ ਮਦਦ ਕੀਤੀ ਜਾਵੇ।