ਪੱਤਰ ਪ੍ਰੇਰਕ
ਡਕਾਲਾ, 4 ਮਈ
ਕਈ ਦਿਨ ਦੀ ਤਪਸ਼ ਤੇ ਜ਼ੋਰਾਂ ਦੀ ਗਰਮੀ ਮਗਰੋਂ ਅੱਜ ਇਲਾਕੇ ਅੰਦਰ ਬਾਰਿਸ਼ ਹੋਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ। ਹਾੜ੍ਹੀ ਦੇ ਸੀਜ਼ਨ ਦਾ ਕੰਮ ਤਕਰੀਬਨ ਮੁਕੰਮਲ ਹੋਣ ਮਗਰੋਂ ਮੌਸਮ ਦੇ ਬਦਲੇ ਮਿਜ਼ਾਜ ਤੋਂ ਲੋਕਾਂ ਨੇ ਖੁਸ਼ੀ ਜ਼ਾਹਿਰ ਕੀਤੀ ਹੈ। ਦੁਪਹਿਰ ਮਗਰੋਂ ਤੇਜ਼ ਹਵਾਵਾਂ ਵਗਣ ਮਗਰੋਂ ਬੱਦਲ ਛਾਅ ਗਏ ਤੇ ਫਿਰ ਮੀਂਹ ਸ਼ੁਰੂ ਹੋ ਗਿਆ। ਕਈ ਥਾਵਾਂ ’ਤੇ ਤੇਜ਼ ਕਣੀਆਂ ਦੇ ਨਾਲ ਹਲਕੇ ਗੜੇ ਵੀ ਪਏ ਹਨ, ਜਿਸ ਨਾਲ ਤਾਪਮਾਨ ਹੇਠਾਂ ਨੂੰ ਆਇਆ ਹੈ। ਲਿਹਾਜ਼ਾ ਲਗਾਤਾਰ ਕਈ ਦਿਨਾਂ ਦੀ ਤਪਸ਼ ਮਗਰੋਂ ਲੋਕਾਂ ਰਾਹਤ ਹਾਸਲ ਕੀਤੀ ਹੈ। ਉਧਰ ਕਿਸਾਨੀ ਹਲਕਿਆਂ ਵਿਚ ਵੀ ਬਦਲੇ ਮੌਸਮ ਤੋਂ ਸੰਤੁਸ਼ਟੀ ਹੈ ਕਿ ਪੱਠੇ ਤੇ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਵਧਣ-ਫੁੱਲਣ ਲਈ ਠੰਢੇ ਮੌਸਮ ਤੋਂ ਕਾਫੀ ਰਾਹਤ ਮਿਲੇਗੀ।
ਧੂਰੀ (ਖੇਤਰੀ ਪ੍ਰਤੀਨਿਧ): ਅਤਿ ਦੀ ਗਰਮੀ ਦੌਰਾਨ ਅੱਜ ਸ਼ਾਮੀ ਪਏ ਮੀਂਹ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ। ਮੀਂਹ ਕਾਰਨ ਜਿੱਥੇ ਪਾਰਾ ਤੇਜ਼ੀ ਨਾਲ ਹੇਠਾਂ ਡਿੱਗਿਆ ਹੈ, ਉਥੇ ਲੋਕਾਂ ਨੇ ਮੀਂਹ ਤੇ ਠੰਢੀਆਂ ਹਵਾਵਾਂ ਦਾ ਆਨੰਦ ਮਾਣਿਆ। ਮੀਂਹ ਕਾਰਨ ਮੌਸਮ ਖੁਸ਼ਗਵਾਰ ਹੋ ਗਿਆ ਹੈ।
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਪੰਜ ਵਜੇ ਦੇ ਕਰੀਬ ਹਨੇਰੀ ਮਗਰੋਂ ਹੋਈ ਹਲਕੀ ਬਾਰਸ਼ ਮਗਰੋ ਮੌਸ਼ਮ ਖੁਸ਼ਗਵਾਰ ਹੋਣ ਕਰਕੇ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਰਾਹਤ ਮਿਲੀ ਅਤੇ ਤਾਪਮਾਨ 44 ਤੋਂ ਘੱਟ ਕੇ 34 ਰਹਿ ਗਿਆ ਹੈ। ਸਿਰਫ਼ 20 ਮਿੰਟ ਹੋਈ ਹਲਕੀ ਬਾਰਸ਼ ਨਾਲ ਖੇਤਾਂ ਨੂੰ ਕੋਈ ਬਹੁਤਾ ਲਾਭ ਨਹੀਂ ਮਿਲੇਗਾ, ਪਰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।