ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 24 ਜੂਨ
ਤਰਕਸ਼ੀਲ ਸੁਸਾਇਟੀ ਪੰਜਾਬ ਨੇ ਭਾਰਤ ਸਰਕਾਰ ਵਲੋਂ ਫੌਜ ਵਿਚ ਚਾਰ ਸਾਲ ਲਈ ਭਰਤੀ ਕਰਨ ਲਈ ਲਿਆਂਦੀ ‘ਅਗਨੀਪਥ’ ਯੋਜਨਾ ਨੂੰ ਦੇਸ਼ ਅਤੇ ਲੋਕਾਂ ਲਈ ਬਹੁਤ ਹੀ ਹਾਨੀਕਾਰਕ ਕਰਾਰ ਦਿੱਤਾ ਹੈ ਅਤੇ ਵਿਗਿਆਨਕ ਤੇ ਜਮਹੂਰੀ ਦ੍ਰਿਸ਼ਟੀਕੋਣ ਤੋਂ ਇਸ ਸਕੀਮ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂਆਂ ਮਾਸਟਰ ਪਰਮਵੇਦ, ਸੁਰਿੰਦਰਪਾਲ, ਚਰਨ ਕਮਲ ਸਿੰਘ, ਨਿਰਮਲ ਸਿੰਘ, ਕ੍ਰਿਸ਼ਨ ਸਿੰਘ, ਗੁਰਦੀਪ ਲਹਿਰਾ ਨੇ ਕਿਹਾ ਕਿ ‘ਅਗਨੀਪਥ’ ਸਕੀਮ ਅਧੀਨ ਸਿਰਫ਼ ਚਾਰ ਸਾਲ ਲਈ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਕੀਤਾ ਜਾਣਾ ਹੈ ਅਤੇ ਉਸਤੋਂ ਬਾਅਦ ਉਨ੍ਹਾਂ ਨੂੰ ਕੁਝ ਉੱਕਾ-ਪੁੱਕਾ ਪੈਸੇ ਦੇ ਕੇ ਮੁੜ ਬੇਰੁਜ਼ਗਾਰੀ ਦੀ ਸਥਿਤੀ ਵਿੱਚ ਸੁੱਟ ਦੇਣਾ ਹੈ। ਇਹ ਭਾਰਤੀ ਫੌਜ ਵਿੱਚ ਵੀ ਕਾਰਪੋਰੇਟ ਮਾਡਲ ਲਾਗੂ ਕਰਨ ਦੀ ਨੀਤੀ ਹੈ। ਇਹ ਸਕੀਮ ਦੇਸ਼ ਦੇ ਨੌਜਵਾਨਾਂ ਨੂੰ ਸਥਾਈ ਰੁਜ਼ਗਾਰ ਅਤੇ ਪੈਨਸ਼ਨ ਵਰਗੇ ਲਾਭਾਂ ਤੋਂ ਵਾਂਝਾ ਰੱਖੇਗੀ ਅਤੇ ਚਾਰ ਸਾਲ ਬਾਅਦ ਵਿਹਲੇ ਹੋਏ ਇਹ ਸਾਬਕਾ ਅਗਨੀਵੀਰ ਕਾਰਪੋਰੇਟ ਅਦਾਰਿਆਂ ਲਈ ਸਸਤੀ ਲੇਬਰ ਦਾ ਸੋਮਾ ਬਣਨਗੇ। ਤਰਕਸ਼ੀਲ ਆਗੂਆਂ ਨੇ ਜ਼ੋਰਦਾਰ ਸ਼ਬਦਾਂ ਵਿੱਚ ਸਰਕਾਰ ਤੋਂ ਸਥਾਈ ਰੁਜ਼ਗਾਰ ਦੇ ਮੁੱਦੇ ਦੇ ਨਾਲ ਨਾਲ ਜਮਹੂਰੀ ਤੇ ਵਿਗਿਆਨਕ ਦ੍ਰਿਸ਼ਟੀਕੋਣ ਦੇ ਹਵਾਲੇ ਤੋਂ ‘ਅਗਨੀਪਥ’ ਸਕੀਮ ਦੀ ਵਾਪਸੀ ਦੀ ਮੰਗ ਕੀਤੀ ਹੈ।