ਪੱਤਰ ਪ੍ਰੇਰਕ
ਭਵਾਨੀਗੜ੍ਹ, 29 ਜੁਲਾਈ
ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਣ ਨੇੜਲੇ ਪਿੰਡ ਮੁਨਸ਼ੀਵਾਲਾ ਦੇ ਮਜ਼ਦੂਰ ਦੇ ਘਰ ਦੀ ਛੱਤ ਡਿੱਗਣ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਪਿੰਡ ਮੁਨਸ਼ੀਵਾਲਾ ਦੇ ਮਜ਼ਦੂਰ ਜੋਰਾ ਸਿੰਘ ਅਤੇ ਉਸ ਦੀ ਪਤਨੀ ਮਲਕੀਤ ਕੌਰ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਪਈ, ਜਿਸ ਨਾਲ ਘਰ ਵਿੱਚ ਖੜ੍ਹਾ ਮੋਟਰਸਾਈਕਲ, ਸਾਈਕਲ, ਕਣਕ ਦੇ ਢੋਲ, ਅਲਮਾਰੀਆਂ ਅਤੇ ਪੇਟੀਆਂ ਆਦਿ ਸਾਮਾਨ ਦਾ ਬਹੁਤ ਨੁਕਸਾਨ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ ਛੱਤ ਡਿੱਗਣ ਸਮੇਂ ਕੋਈ ਵੀ ਮੈਂਬਰ ਘਰ ਵਿੱਚ ਨਾ ਹੋਣ ਕਾਰਣ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਉਨ੍ਹਾਂ ਕਿਹਾ ਕਿ ਉਹ ਮਿਹਨਤ ਕਰਕੇ ਗੁਜ਼ਾਰਾ ਕਰਦੇ ਹਨ, ਪਰ ਇਸ ਕੁਦਰਤੀ ਕਰੋਪੀ ਨੇ ਉਨ੍ਹਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ। ਇਸ ਮੌਕੇ ਪਿੰਡ ਵਾਸੀ ਸੋਨੀ ਸਿੰਘ, ਬਲਵਿੰਦਰ ਸਿੰਘ, ਨਾਮਦੇਵ ਸਿੰਘ ਅਤੇ ਤਰਸ਼ੇਮ ਸਿੰਘ ਨੇ ਸਰਕਾਰ ਤੋਂ ਮਜ਼ਦੂਰ ਪਰਿਵਾਰ ਦੀ ਸਹਾਇਤਾ ਕਰਨ ਦੀ ਮੰਗ ਕੀਤੀ।
ਸਮਾਣਾ (ਅਸ਼ਵਨੀ ਗਰਗ): ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਬੁੱਧਵਾਰ ਦੇਰ ਸ਼ਾਮ ਸਥਾਨਕ ਟਿੱਬੀ ਮੁੱਹਲਾ ਵਾਰਡ ਨੰਬਰ 20 ਦੇ ਇੱਕ ਮਕਾਨ ਦੇ ਚੁਬਾਰੇ ਦੀ ਛੱਤ ਡਿੱਗ ਗਈ, ਜਿਸ ਕਾਰਨ ਘਰ ਵਿਚ ਹਾਜ਼ਰ 3 ਬੱਚਿਆਂ ਸਣੇ ਪਰਿਵਾਰ ਦੇ 7 ਜੀਅ ਵਾਲ ਵਾਲ ਬਚ ਗਏ। ਘਰ ਦੇ ਮਾਲਕ ਕਰਨੈਲ ਸਿੰਘ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਸਮੇਂ ਬੱਚੇ ਘਰ ਦੇ ਚੁਬਾਰੇ ਵਿਚ ਸੁੱਤੇ ਪਏ ਸਨ। ਜਿਵੇਂ ਹੀ ਉਹ ਉੱਠ ਕੇ ਥੱਲੇ ਆਏ ਉਸੇ ਸਮੇਂ ਚੁਬਾਰੇ ਦੀ ਛੱਤ ਡਿੱਗ ਗਈ। ਉਸ ਸਮੇਂ ਪਰਿਵਾਰਕ ਮੈਂਬਰ ਘਰ ਦੇ ਬਾਹਰ ਬੈਠੇ ਸਨ। ਜ਼ੋਰ ਦੀ ਆਵਾਜ਼ ਸੁਣ ਕੇ ਗੁਆਂਢੀ ਵੀ ਉਪਰ ਪਹੁੰਚੇ। ਇਸ ਕਾਰਨ ਹੇਠਲੇ ਕਮਰੇ ਦੀਆਂ ਕੰਧਾਂ ’ਤੇ ਵੀ ਵੱਡੀਆਂ ਤਰੇੜਾਂ ਆ ਚੁੱਕੀਆਂ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਗਰੀਬ ਆਵਾਸ ਯੋਜਨਾ ਤਹਿਤ ਸਰਕਾਰ ਪਾਸੋਂ ਮਕਾਨ ਦੀ ਉਸਾਰੀ ਲਈ ਬੇਨਤੀ ਪੱਤਰ ਲਾਇਆ ਹੋਇਆ ਹੈ ਪ੍ਰੰਤੂ ਉਨ੍ਹਾਂ ਦੇ ਬੇਨਤੀ ਪੱਤਰ ਵਿਚ ਕੋਈ ਨਾ ਕੋਈ ਕਮੀ ਕੱਢ ਕੇ ਹਰ ਵਾਰ ਵਾਪਸ ਮੋੜ ਦਿੱਤਾ ਜਾਂਦਾ ਹੈ। ਇਸ ਬਾਰੇ ਵਾਰਡ ਦੇ ਐੱਮਸੀ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਸਰਕਾਰ ਵੱਲੋਂ ਬਣਦਾ ਮੁਆਵਜ਼ਾ ਦਿਵਾਇਆ ਜਾਵੇਗਾ ਤੇ ਛੇਤੀ ਹੀ ਇਨ੍ਹਾਂ ਨੂੰ ਗਰੀਬ ਆਵਾਸ ਯੋਜਨਾ ਤਹਿਤ ਸਹਾਇਤਾ ਵੀ ਮੁਹੱਈਆ ਕਰਵਾਈ ਜਾਵੇਗੀ।