ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 8 ਨਵੰਬਰ
ਸਵਾਰੀਆਂ ਢੋਣ ਵਾਲੇ ਵਾਹਨਾਂ ’ਚ ਸਮਰੱਥਾ ਤੋਂ ਵੱਧ ਸਵਾਰੀਆਂ, ਸਕੂਲ ਵਾਹਨਾਂ ’ਚ ਸਮਰੱਥਾ ਤੋਂ ਵੱਧ ਵਿਦਿਆਰਥੀਆਂ ਵਾਲੇ ਵਾਹਨ ਅਤੇ ਮਾਲ ਢੋਣ ਵਾਲੇ ਵਾਹਨਾਂ ’ਚ ਸਵਾਰੀਆਂ ਭਰੇ ਵਾਹਨ ਮਾਲੇਰਕੋਟਲਾ ਸ਼ਹਿਰ ਅਤੇ ਲਾਗਲੇ ਪਿੰਡਾਂ ਦੀਆਂ ਸੜਕਾਂ ’ਤੇ ਅਕਸਰ ਹੀ ਦੇਖੇ ਜਾ ਸਕਦੇ ਹਨ। ਸੂਬੇ ਭਰ ’ਚ ਆਵਾਜਾਈ ਨਿਯਮਾਂ ਦੀ ਅਣਦੇਖੀ ਅਤੇ ਲਾਪਰਵਾਹੀ ਕਾਰਨ ਨਿੱਤ ਦਿਨ ਸੜਕੀ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ’ਚ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਅਕਸਰ ਹੀ ਲੋਕ ਮਾਲ ਢੋਣ ਵਾਲੇ ਵਾਹਨਾਂ ’ਤੇ ਸਵਾਰ ਹੋ ਕੇ ਧਰਨਿਆਂ, ਮੁਜ਼ਾਹਰਿਆਂ, ਧਾਰਮਿਕ, ਸਮਾਜਕ ਤੇ ਰਾਜਨੀਤਕ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਜਾਂਦੇ ਹਨ। ਇਨ੍ਹਾਂ ਵਾਹਨਾਂ ਦੇ ਸਵਾਰ ਵਾਹਨਾਂ ਦੀ ਛੱਤ ਜਾਂ ਡਾਲੇ ’ਤੇ ਬੈਠੇ ਹੁੰਦੇ ਹਨ ਜਾਂ ਇੱਧਰ -ਉੱਧਰ ਲਮਕ ਰਹੇ ਹੁੰਦੇ ਹਨ। ਵਾਹਨਾਂ ਦੇ ਬਾਹਰ ਲਮਕਦੀਆਂ ਸਵਾਰੀਆਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਾਹਨ ਦੇ ਅੰਦਰ ਕਿੰਨੀਆਂ ਕੁ ਸਵਾਰੀਆਂ ਤੁੰਨੀਆਂ ਹੋ ਸਕਦੀਆਂ ਹਨ। ਇਨ੍ਹਾਂ ਵਾਹਨਾਂ ਵਿੱਚ ਸਮਰੱਥਾ ਤੋਂ ਦੋ-ਢਾਈ ਗੁਣਾਂ ਜ਼ਿਆਦਾ ਸਵਾਰੀਆਂ ਹੁੰਦੀਆਂ ਹਨ। ਅਜਿਹੇ ’ਚ ਇੱਕ ਛੋਟੀ ਜਿਹੀ ਗ਼ਲਤੀ ਵੀ ਵੱਡੇ ਹਾਦਸੇ ‘ਚ ਬਦਲ ਸਕਦੀ ਹੈ। ਸਥਾਨਕ ਗਰੇਵਾਲ ਚੌਕ ’ਚ ਸੜਕ ਸੁਰੱਖਿਆ ਫੋਰਸ ਦੀ ਟੁਕੜੀ ਤਾਇਨਾਤ ਹੋਣ ਅਤੇ ਆਵਾਜਾਈ ਪੁਲੀਸ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਚੌਰਾਹਿਆਂ ’ਤੇ ਵਾਹਨਾਂ ਦੀ ਚੈਕਿੰਗ ਕਰਨ ਦੇ ਬਾਵਜੂਦ ਵੀ ਅਜਿਹੇ ਸਵਾਰੀਆਂ ਲੱਦੇ ਮਾਲ ਢੋਣ ਵਾਲੇ ਵਾਹਨ ਸ਼ਹਿਰ ਦੀਆਂ ਸੜਕਾਂ ’ਤੇ ਦੇਖੇ ਜਾ ਸਕਦੇ ਹਨ। ਪੇਂਡੂ ਖੇਤਰ ’ਚ ਅਜਿਹੇ ਸਵਾਰੀਆਂ ਲੱਦੇ ਵਾਹਨ ਸੜਕਾਂ ’ਤੇ ਆਮ ਹੀ ਨਜ਼ਰ ਆਉਂਦੇ ਹਨ। ਪੇਂਡੂ ਲੋਕ ਹਰ ਰੋਜ਼ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਇਸ ਤਰ੍ਹਾਂ ਸਫ਼ਰ ਕਰਦੇ ਦੇਖੇ ਜਾ ਸਕਦੇ ਹਨ। ਅਜਿਹੇ ਹਾਲਾਤ ’ਚ ਪ੍ਰਸ਼ਾਸਨ ਵੱਲੋਂ ਓਵਰਲੋਡ ਵਾਹਨਾਂ ਅਤੇ ਹਾਦਸਿਆਂ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨ ’ਤੇ ਵੀ ਸਵਾਲੀਆਂ ਚਿੰਨ੍ਹ ਖੜ੍ਹੇ ਹੋ ਰਹੇ ਹਨ। ਡਾ. ਅਬਦੁੱਲ ਕਲਾਮ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਜਨਰਲ ਸਕੱਤਰ ਮੁਨਸ਼ੀ ਫਾਰੂਕ ਅਹਿਮਦ ਨੇ ਕਿਹਾ ਕਿ ਆਵਾਜਾਈ ਪੁਲੀਸ ਅਤੇ ਟਰਾਂਸਪੋਰਟ ਵਿਭਾਗ ਨੂੰ ਨਿਯਮਿਤ ਤੌਰ ’ਤੇ ਵਿਸ਼ੇਸ਼ ਨਾਕੇ ਲਾ ਕੇ ਅਜਿਹੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।