ਪੱਤਰ ਪ੍ਰੇਰਕ
ਅਮਰਗੜ੍ਹ, 3 ਅਕਤੂਬਰ
ਸਰਕਾਰੀ ਹਾਈ ਸਕੂਲ ਸਲਾਰ ਦੇ ਅਧਿਆਪਕਾਂ ਦੀ ਬਦਲੀ ਸਬੰਧੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਲਗਾਇਆ ਜਾ ਰਿਹਾ ਧਰਨਾ ਸਮਾਪਤ ਹੋ ਗਿਆ ਤੇ ਸਕੂਲ ਵਿਚ ਤਕਰੀਬਨ ਸਾਰੇ ਵਿਦਿਆਰਥੀਆਂ ਨੇ ਆਉਣਾ ਸ਼ੁਰੂ ਕਰ ਦਿੱਤਾ ਹੈ। ਇੰਚਾਰਜ ਮੁੱਖ ਅਧਿਆਪਕ ਸਰਬਜੀਤ ਸਿੰਘ ਨੇ ਦੱਸਿਆ ਕਿ ਕੁਝ ਵਿਦਿਆਰਥੀ ਪਹਿਲੀ ਟਰਮ ਦੇ ਕੁਝ ਪੇਪਰ ਨਹੀਂ ਦੇ ਸਕੇ, ਉਨ੍ਹਾਂ ਦੇ ਪੇਪਰ ਜਿਲ੍ਹਾ ਸਿੱਖਿਆ ਅਫਸਰ ਮਾਲੇਰਕੋਟਲਾ ਦੀ ਮਨਜ਼ੂਰੀ ਨਾਲ ਉਨ੍ਹਾਂ ਵੱਲੋਂ ਜਾਰੀ ਕੀਤੀ ਡੇਟਸ਼ੀਟ ਅਨੁਸਾਰ ਲਏ ਜਾਣਗੇ। ਚਾਰ ਅਧਿਆਪਕਾਂ ਵਿਚੋਂ ਅੰਗਰੇਜ਼ੀ ਅਧਿਆਪਕਾ ਬੇਅੰਤ ਕੌਰ ਤੇ ਐਸਐਸ ਅਧਿਆਪਕਾ ਕੁਲਵਿੰਦਰ ਕੌਰ ਨੇ ਡੈਪੂਟੇਸ਼ਨ ’ਤੇ ਇੱਥੇ ਜੁਆਇਨ ਕਰ ਲਿਆ ਹੈ। ਇਸ ਤੋਂ ਇਲਾਵਾ ਡੀਪੀਈ ਦੇ ਆਰਡਰ ਵੀ ਜਾਰੀ ਹੋ ਚੁੱਕੇ ਹਨ ਜਿਨ੍ਹਾਂ ਦੇ ਜਲਦ ਜੁਆਇਨ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦਾ ਮਹੌਲ ਸ਼ਾਂਤਪੂਰਨ ਚੱਲ ਰਿਹਾ ਹੈ। ਸਕੂਲ ਦੇ ਅਧਿਆਪਕਾਂ ਅਤੇ ਚੇਅਰਮੈਨ ਖਲੀਲ ਮੁਹੰਮਦ ਵੱਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਸੰਪਰਕ ਕਰਕੇ ਵਿਦਿਆਰਥੀਆਂ ਨੂੰ ਸਕੂਲ ਆਉਣ ਲਈ ਪ੍ਰੇਰਿਆ ਗਿਆ ਜਿਸ ਕਾਰਨ ਮਾਹੌਲ ਸ਼ਾਤ ਹੋ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਅਧਿਆਪਕਾਂ ਦੀਆਂ ਬਦਲੀਆਂ ਸ਼ਿਕਾਇਤ ਦੇ ਅਧਾਰ ’ਤੇ ਕੀਤੀਆਂ ਗਈਆਂ ਸਨ।