ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਅਗਸਤ
ਸਥਾਨਕ ਸਿਵਲ ਹਸਪਤਾਲ ’ਚ ਇੱਕ ਮਰੀਜ਼ ਦੀ ਸ਼ੱਕੀ ਹਾਲਤ ’ਚ ਹੋਈ ਮੌਤ ਤੋਂ ਬਾਅਦ ਭੜਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਬਸਤੀ ਦੇ ਲੋਕਾਂ ਵੱਲੋਂ ਹਸਪਤਾਲ ਪ੍ਰਸ਼ਾਸਨ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਬਾਂਹ ਦੇ ਅਪਰੇਸ਼ਨ ਤੋਂ ਪਹਿਲਾਂ ਗਲਤ ਟੀਕਾ ਲਾਉਣ ਕਾਰਨ ਮਰੀਜ਼ ਦੀ ਮੌਤ ਹੋਈ ਹੈ। ਉਨ੍ਹਾਂ ਥਾਣਾ ਸਿਟੀ-1 ਦੀ ਪੁਲੀਸ ’ਤੇ ਸੁਣਵਾਈ ਨਾ ਕਰਨ ਅਤੇ ਉਲਟਾ ਪੀੜਤ ਪਰਿਵਾਰ ਨੂੰ ਧਮਕਾਉਣ ਦੇ ਦੋਸ਼ ਲਗਾਏ। ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦੀ ਪਹਿਲੀ ਮੰਜ਼ਿਲ ’ਤੇ ਅਪਰੇਸ਼ਨ ਥਿਏਟਰ ਦੇ ਬਾਹਰ ਮ੍ਰਿਤਕ ਦੀ ਲਾਸ਼ ਰੱਖ ਕੇ ਪ੍ਰਦਰਸ਼ਨ ਕੀਤਾ ਜਿਸ ਕਾਰਨ ਸਥਿਤੀ ਤਣਾਅਪੂਰਨ ਬਣ ਗਈ। ਉਪਰੰਤ ਡੀਐੱਸਪੀ, ਥਾਣਾ ਸਿਟੀ ਇੰਚਾਰਜ ਭਾਰੀ ਪੁਲੀਸ ਬਲ ਨਾਲ ਮੌਕੇ ’ਤੇ ਪੁੱਜ ਗਏ। ਸਥਾਨਕ ਉਭਾਵਾਲ ਰੋਡ ਫ਼ਾਟਕ ਨੇੜੇ ਧਾਨਕ ਬਸਤੀ ਦੇ ਪ੍ਰਧਾਨ ਤੇ ਮ੍ਰਿਤਕ ਦੇ ਭਤੀਜੇ ਬਿੱਟੂ ਕੁਮਾਰ ਨੇ ਦੱਸਿਆ ਕਿ ਮਾਮੂਲੀ ਝਗੜੇ ਦੇ ਸਮਝੌਤੇ ਤੋਂ ਕਈ ਦਿਨਾਂ ਬਾਅਦ ਰੰਜਿਸ਼ ਤਹਿਤ ਬੀਤੀ 19 ਅਗਸਤ ਨੂੰ ਕਰੀਬ ਸੱਤ-ਅੱਠ ਵਿਅਕਤੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਰਾਤ ਨੂੰ ਉਸ ਦੇ ਚਾਚਾ ਜਗ ਦੱਤ ਦੇ ਘਰ ਅੱਗੇ ਪੁੱਜੇ ਅਤੇ ਸਾਰੇ ਪਰਿਵਾਰ ’ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਉਸ ਦੇ ਚਾਚਾ ਜਗ ਦੱਤ, ਚਾਚੇ ਦੇ ਲੜਕੇ ਰਾਜੂ, ਵਿੱਕੀ, ਲੜਕੀਆਂ ਰੇਖਾ, ਪ੍ਰਿਆ ਤੇ ਚਾਚੀ ਪਰਮਜੀਤ ਕੌਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਰਾਤ ਕਰੀਬ 12 ਵਜੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜੋ ਕਿ ਜ਼ੇਰੇ ਇਲਾਜ ਹਨ। ਉਨ੍ਹਾਂ ਦੇ ਚਾਚਾ ਜਗ ਦੱਤ ਦੀ ਬਾਂਹ ਟੁੱਟ ਗਈ ਸੀ ਜਿਸ ਦਾ ਅੱਜ ਅਪਰੇਸ਼ਨ ਹੋਣਾ ਸੀ।
ਉਨ੍ਹਾਂ ਦੱਸਿਆ ਕਿ ਜਗ ਦੱਤ ਖੁਦ ਵਾਰਡ ਤੋਂ ਚੱਲ ਕੇ ਅਪਰੇਸ਼ਨ ਥਿਏਟਰ ਗਿਆ ਤੇ ਬਿਲਕੁਲ ਤੰਦਰੁਸਤ ਸੀ। ਉਨ੍ਹਾਂ ਦੋਸ਼ ਲਾਇਆ ਕਿ ਡਾਕਟਰ ਦੇ ਆਉਣ ਤੋਂ ਪਹਿਲਾਂ ਅਪਰੇਸ਼ਨ ਥਿਏਟਰ ਵਿੱਚ ਮੌਜੂਦ ਸਟਾਫ਼ ਵੱਲੋਂ ਕੋਈ ਗਲਤ ਟੀਕਾ ਲਗਾ ਦਿੱਤਾ, ਜਿਸ ਨਾਲ ਉਸ ਦੀ ਸਿਹਤ ਵਿਗੜਨ ਮਗਰੋਂ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੋਸ਼ ਲਾਇਆ ਕਿ ਸਟਾਫ਼ ਵੱਲੋਂ ਮ੍ਰਿਤਕ ਨੂੰ ਰੈਫ਼ਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਪਰਿਵਾਰ ਨੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਜਗ ਦੱਤ ਖੁਰਾਕ ਸਪਲਾਈ ਵਿਭਾਗ ਵਿੱਚ ਦਰਜਾ ਚਾਰ ਮੁਲਾਜ਼ਮ ਸੀ, ਜਿਸ ਦੀ ਡਿਊਟੀ ਲੁਧਿਆਣਾ ਵਿੱਚ ਸੀ ਅਤੇ ਇਸੇ ਸਾਲ ਉਸ ਦੀ ਸੇਵਾਮੁਕਤੀ ਸੀ।
ਉਨ੍ਹਾਂ ਥਾਣਾ ਸਿਟੀ-1 ਪੁਲੀਸ ’ਤੇ ਦੋਸ਼ ਲਾਇਆ ਕਿ 19 ਅਗਸਤ ਦੀ ਘਟਨਾ ਤੋਂ ਬਾਅਦ ਪੁਲੀਸ ਨੇ ਬਿਆਨ ਤਾਂ ਕੀ ਦਰਜ ਕਰਨੇ ਸੀ ਸਗੋਂ ਉਲਟਾ ਜਾਤੀਸੂਚਕ ਅਪਸ਼ਬਦ ਬੋਲ ਕੇ ਧਮਕਾਇਆ ਗਿਆ। ਇੱਥੇ ਹੀ ਬੱਸ ਨਹੀਂ ਹਮਲਾ ਕਰਨ ਵਾਲਿਆਂ ਦੇ ਬਿਆਨਾਂ ’ਤੇ ਪੀੜਤ ਪਰਿਵਾਰ ਖ਼ਿਲਾਫ਼ ਹੀ ਕੇਸ ਦਰਜ ਕਰ ਦਿੱਤਾ ਜੋ ਕਿ ਸ਼ਰੇਆਮ ਧੱਕੇਸ਼ਾਹੀ ਹੈ। ਮ੍ਰਿਤਕ ਦੇ ਭਤੀਜੇ ਅਤੇ ਪਰਿਵਾਰ ਨੇ ਕਿਹਾ ਕਿ ਮੌਤ ਲਈ ਜ਼ਿੰਮੇਵਾਰ ਹਸਪਤਾਲ ਦੇ ਸਟਾਫ਼ ਅਤੇ ਹਮਲਾਵਰਾਂ ਖ਼ਿਲਾਫ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।
ਕੀ ਕਹਿੰਦੇ ਨੇ ਅਧਿਕਾਰੀ
ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਬਲਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਵਿਅਕਤੀ ਦੇ ਕੋਈ ਵੀ ਟੀਕਾ ਨਹੀਂ ਲਗਾਇਆ ਗਿਆ ਸੀ ਸਗੋਂ ਬਾਂਹ ਦੇ ਅਪਰੇਸ਼ਨ ਤੋਂ ਪਹਿਲਾਂ ਸਿਰਫ਼ ਗਲੂਕੋਜ਼ ਲਗਾਇਆ ਸੀ। ਉਨ੍ਹਾਂ ਕਿਹਾ ਕਿ ਮਰੀਜ਼ ਦੀ ਮੌਤ ਦੌਰਾ ਪੈਣ ਕਾਰਨ ਹੋਈ ਹੈ। ਮ੍ਰਿਤਕ ਦੇ ਪੋਸਟਮਾਰਟਮ ਲਈ ਤਿੰਨ ਡਾਕਟਰਾਂ ਦਾ ਬੋਰਡ ਬਣਾਇਆ ਜਾ ਰਿਹਾ ਹੈ। ਉੱਧਰ, ਮੌਕੇ ’ਤੇ ਪੁਲੀਸ ਫੋਰਸ ਸਮੇਤ ਪੁੱਜੇ ਡੀਐੱਸਪੀ ਸੰਜੀਵ ਸਿੰਗਲਾ ਨੇ ਪੁਲੀਸ ਖ਼ਿਲਾਫ਼ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਜੋ ਵੀ ਕਸੂਰਵਾਰ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੁਲੀਸ ਦੇ ਭਰੋਸੇ ਮਗਰੋਂ ਪ੍ਰਦਰਸ਼ਨਕਾਰੀ ਸ਼ਾਂਤ ਹੋਏ। ਭਲਕੇ ਮ੍ਰਿਤਕ ਦਾ ਪੋਸਟਮਾਰਟਮ ਹੋਵੇਗਾ।