ਰਾਜਿੰਦਰ ਜੈਦਕਾ
ਅਮਰਗੜ੍ਹ, 28 ਨਵੰਬਰ
ਮਨਜੀਤ ਸਿੰਘ ਬਲਿੰਗ ਯਾਦਗਾਰੀ ਕਮੇਟੀ ਨੇ ਕਹਾਣੀ ਪੁਰਸਕਾਰ ਵਿੱਚ ਇਸ ਸਾਲ ਪਹਿਲਾ ਇਨਾਮ ਜਸਵੀਰ ਸਿੰਘ ਰਾਣਾ ਦੀ ਕਹਾਣੀ ‘ਉਰਫ ਰੋਸ਼ੀ ਜੱਲਾਦ’, ਦੂਜਾ ਇਨਾਮ ਜਤਿੰਦਰ ਹਾਂਸ ਦੀ ਕਹਾਣੀ ‘ਰੇਸ’ ਅਤੇ ਤੀਸਰਾ ਇਨਾਮ ਸਿਮਰਜੀਤ ਕੌਰ ਬਰਾੜ ਦੀ ਕਹਾਣੀ ‘ਕਸੂਰਵਾਰ ਕੌਣ’ ਨੂੰ ਕ੍ਰਮਵਾਰ 5100, 3100 ਤੇ 2100 ਰੁਪਏ ਨਕਦ ਤੇ ਸਨਮਾਨ ਚਿੰਨ੍ਹ ਦੇਣ ਦਾ ਐਲਾਨ ਕੀਤਾ ਹੈ।
ਕਹਾਣੀਕਾਰ ਮਲਕੀਤ ਸਿੰਘ ਬਿਲਿੰਗ ਈਸੜਾ ਨੇ ਦੱਸਿਆ ਕਿ ਪਰਿਵਾਰ ਵੱਲੋਂ ਪਿਛਲੇ ਸਾਲ ਉਨ੍ਹਾਂ ਦੀ ਮਾਤਾ ਸੁਰਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਇਹ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਸੀ। ਇਹ ਪੁਰਸਕਾਰ ਮਨਜੀਤ ਸਿੰਘ ਬਿਲਿੰਗ ਦੇ ਕੈਨੇਡਾ ਵਸਦੇ ਪੁੱਤਰ ਰਾਜਿੰਦਰ ਸਿੰਘ ਰਵੀ ਬਿਲਿੰਗ ਵੱਲੋਂ ਹਰ ਸਾਲ ਦਿੱਤੇ ਜਾਣਗੇ। ਇਸ ਦੇ ਨਾਲ ਹੀ ਪਰਿਵਾਰ ਵੱਲੋਂ ਮਾਤਾ ਸੁਰਜੀਤ ਕੌਰ ਯਾਦਗਾਰੀ ਪੁਰਸਕਾਰ ਅਤੇ ਬਾਪੂ ਮੇਵਾ ਸਿੰਘ ਬਿਲਿੰਗ ਦੋ ਪੁਰਸਕਾਰ ਫੋਟੋਗਰਾਫੀ ਦੇ ਖੇਤਰ ਵਿਚ ਵੀ ਦਿੱਤੇ ਜਾਣਗੇ ਜਿਸ ਵਿੱਚ ਬੈਸਟ ਫੋਟੋਗਰਾਫਰ ਰਵਿੰਦਰ ਰਵੀ ਲੁਧਿਆਣਾ ਅਤੇ ਜਤਿੰਦਰ ਟੰਡਨ ਅਮਰਗੜ੍ਹ ਨੂੰ 1100-1100 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਇਨਾਮ ਜਲਦ ਹੀ ਸਾਹਿਤ ਸਮਾਗਮ ਦੌਰਾਨ ਦਿੱਤੇ ਜਾਣਗੇ। ਬਿਲਿੰਗ ਪਰਿਵਾਰ ਨੇ ਪੁਰਸਕਾਰ ਜੇਤੂ ਕਲਾਕਾਰਾਂ ਨੂੰ ਵਧਾਈ ਦਿੱਤੀ।