ਬੀਰਬਲ ਰਿਸ਼ੀ
ਧੂਰੀ, 17 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਅੱਜ ਜਥੇਬੰਦੀ ਦੇ ਬਲਾਕ ਆਗੂ ਕਰਮਜੀਤ ਸਿੰਘ ਬੇਨੜਾ ਦੀ ਅਗਵਾਈ ਹੇਠ ਪਿੰਡ ਭਸੌੜ ’ਚ ਅੱਠ ਘੰਟੇ ਦਾ ਧਰਨਾ ਦੇ ਕੇ ਕਰਜ਼ੇ ਬਦਲੇ ਕਿਸਾਨ ਦੀ ਜ਼ਮੀਨ ਕੁਰਕ ਕਰਨ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਬੈਂਕ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬੇਰੰਗ ਵਾਪਸ ਪਰਤਣ ਲਈ ਮਜਬੂਰ ਕਰ ਦਿੱਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਬਲਾਕ ਆਗੂ ਹਰਪਾਲ ਸਿੰਘ ਪੇਧਨੀ ਅਤੇ ਆਗੂ ਮਹਿੰਦਰ ਸਿੰਘ ਭਸੌੜ ਨੇ ਦੱਸਿਆ ਕਿ ਹਰਵਿੰਦਰ ਸਿੰਘ ਵਾਸੀ ਭਸੌੜ ਨੇ 2014 ਵਿੱਚ ਪਿੰਡ ਦੀ ਹੀ ਇੱਕ ਬੈਂਕ ਦੀ ਬ੍ਰਾਂਚ ਤੋਂ 3,75,000 ਰੁਪਏ ਦਾ ਕਰਜ਼ਾ ਲਿਆ ਸੀ। ਕਰਜ਼ੇ ਦੀਆਂ ਕੁੱਝ ਕਿਸ਼ਤਾਂ ਵਾਪਸ ਕਰ ਦਿੱਤੀਆਂ ਪਰ ਬਾਅਦ ਵਿੱਚ ਨੋਟਬੰਦੀ ਹੋ ਗਈ। ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਵਾਅਦੇ ਦੇ ਮੱਦੇਨਜ਼ਰ ਕਿਸ਼ਤਾਂ ਭਰਨ ਤੋਂ ਦੁਚਿੱਤੀ ’ਚ ਆਏ ਕਿਸਾਨ ਦੇ ਕਰਜ਼ੇ ਦੀ ਪੰਡ ਭਾਰੀ ਹੁੰਦੀ ਗਈ। ਆਗੂ ਅਨੁਸਾਰ ਛੋਟੇ ਕਿਸਾਨ ਹਰਵਿੰਦਰ ਸਿੰਘ ਦੀ ਜ਼ਮੀਨ ਦੀ ਕੁਰਕੀ ਕਰਨ ਲਈ ਅੱਜ ਬੈਂਕ ਅਧਿਕਾਰੀ, ਤਹਿਸੀਲਦਾਰ ਦੀ ਟੀਮ ਦੇ ਕਰਮਚਾਰੀ, ਪਟਵਾਰੀ ਆਦਿ ਕੁਰਕੀ ਕਰਨ ਆਏ ਪਰ ਸਵੇਰੇ ਨੌ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਧਰਨਾ ਲਗਾ ਕੇ ਕਿਸਾਨਾਂ ਨੇ ਕੁਰਕੀ ਦਾ ਤਿੱਖਾ ਵਿਰੋਧ ਕੀਤਾ। ਕਿਸਾਨ ਆਗੂ ਕਰਮਜੀਤ ਸਿੰਘ ਬੇਨੜਾ, ਬਲਵੰਤ ਸਿੰਘ ਘਨੌਰੀ, ਮਨਜੀਤ ਸਿੰਘ ਜਹਾਂਗੀਰ, ਜਰਨੈਲ ਸਿੰਘ ਸੁਲਤਾਨਪੁਰ, ਜ਼ੋਰਾ ਸਿੰਘ ਕੰਧਾਰਗੜ੍ਹ, ਸੇਵਕ ਸਿੰਘ ਬਾਦਸ਼ਾਹਪੁਰ, ਮਹਿੰਦਰ ਸਿੰਘ ਅਤੇ ਦਲਵਾਰਾ ਸਿੰਘ ਨੇ ਕਿਹਾ ਕਿ ਕਰਜ਼ੇ ਬਦਲੇ ਕਿਸਾਨ ਕਿਸਾਨ ਦੀ ਜ਼ਮੀਨ ਜਾਂ ਘਰ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਪਟਵਾਰੀ ਸਤਨਾਮ ਸਿੰਘ ਨੇ ਵਾਪਸ ਪਰਤਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਕਤ ਕਿਸਾਨ ਵੱਲ ਕਰਜ਼ੇ ਦੇ 7,64,758 ਰੁਪਏ ਦੀ ਰਿਕਵਰੀ ਕਰਨ ਸਬੰਧੀ ਗਏ ਸਨ ਪਰ ਕਿਸਾਨਾਂ ਦੇ ਵਿਰੋਧ ਕਾਰਨ ਵਾਪਸ ਪਰਤਣਾ ਪਿਆ।