ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 21 ਜੁਲਾਈ
ਅੱਜ ਤੜਕੇ ਸਥਾਨਕ ਸ਼ਹਿਰ ’ਚ ਕਾਰ ਸਵਾਰ ਚੋਰਾਂ ਨੇ ਪੰਜ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਪੰਜ ਦੁਕਾਨਾਂ ਦੇ ਸ਼ਟਰ ਤੋੜੇ। ਤਿੰਨ ਦੁਕਾਨਾਂ ਵਿੱਚੋਂ ਨਕਦੀ ਤੇ ਡੀਵੀਆਰ ਆਦਿ ਚੋਰੀ ਹੋਏ ਹਨ। ਚੋਰੀ ਦੀ ਇਹ ਘਟਨਾ ਸਵੇਰੇ ਕਰੀਬ 4 ਤੋਂ 5 ਵਜ਼ੇ ਦੇ ਦਰਮਿਆਨ ਵਾਪਰੀ ਦੱਸੀ ਗਈ ਹੈ ਜਿਸਦਾ ਵਪਾਰ ਮੰਡਲ ਨੇ ਗੰਭੀਰ ਨੋਟਿਸ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਸਵਾਰ ਚੋਰਾਂ ਨੇ ਸ਼ਹਿਰ ਦੇ ਸੁਨਾਮੀ ਗੇਟ ਬਾਜ਼ਾਰ ’ਚ ਪੰਜ ਦੁਕਾਨਾਂ ਗੋਪਾਲ ਹੈਂਡਲੂਮ, ਪੰਜਾਬ ਫੈਸ਼ਨ, ਹੈਪੀ ਗਾਰਮੈਂਟਸ, ਬੇਦੀ ਗਾਰਮੈਂਟਸ ਅਤੇ ਬਾਂਸਲ ਜਲੇਬੀ ਵਾਲੀ ਦੁਕਾਨ ਦੇ ਸ਼ਟਰ ਤੋੜੇ ਹਨ। ਗੋਪਾਲ ਹੈਂਡਲੂਮ ਦੇ ਮਾਲਕ ਗੌਰਵ ਕਥੂਰੀਆ ਅਨੁਸਾਰ ਦੁਕਾਨ ਵਿੱਚੋਂ ਲਗਪਗ 90 ਹਜ਼ਾਰ ਰੁਪਏ ਤੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਚੋਰੀ ਹੋਇਆ ਹੈ। ਹੈਪੀ ਗਾਰਮੈਂਟਸ ਦੀ ਦੁਕਾਨ ’ਚੋਂ 7 ਹਜ਼ਾਰ ਰੁਪਏ, ਡੀਵੀਆਰ ਤੇ ਸੀਸੀਟੀਵੀ ਕੈਮਰਾ ਚੋਰੀ ਹੋਇਆ ਅਤੇ ਬਾਂਸਲ ਜਲੇਬੀ ਤੇ ਬੇਦੀ ਗਾਰਮੈਂਟਰ ਵਿੱਚ ਭੰਨ-ਤੋੜ ਕੀਤੀ ਗਈ। ਵਪਾਰ ਮੰਡਲ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਨੇ ਦੱਸਿਆ ਕਿ ਜਦੋਂ ਚੋਰ ਪੰਜਵੀਂ ਦੁਕਾਨ ਦਾ ਸ਼ਟਰ ਤੋੜ ਰਹੇ ਸੀ ਤਾਂ ਰਿਕਸ਼ੇ ਵਾਲੇ ਦੀ ਅੱਖ ਖੁੱਲ੍ਹ ਗਈ ਤੇ ਚੋਰ ਸਵਿਫਟ ਕਾਰ ’ਚ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਕਾਰ ਦਾ ਨੰਬਰ ਨੋਟ ਕਰ ਕੇ ਪੁਲੀਸ ਨੂੰ ਦੇ ਦਿੱਤਾ ਹੈ। ਇਸ ਸਬੰਧੀ ਡੀਐੱਸਪੀ ਸੱਤਪਾਲ ਸ਼ਰਮਾ ਨੇ ਦੱਸਿਆ ਕਿ ਚੋਰੀ ਸਬੰਧੀ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।