ਹਰਦੀਪ ਸੋਢੀ
ਧੂਰੀ, 19 ਅਪਰੈਲ
ਇੱਕ ਪਾਸੇ ਪੰਜਾਬ ਅੰਦਰ ਹਰਿਆਲੀ ਨੂੰ ਵਧਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਦੂਜੇ ਪਾਸੇ ਧੂਰੀ ਸ਼ਹਿਰ ਅੰਦਰ ਲੰਘਦੇ ਰਜਵਾਹੇ ਦੇ ਆਲੇ ਦੁਆਲੇ ਸਰਕਾਰੀ ਦਰੱਖਤਾਂ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਲੱਗੇ ਤੇ ਟੁੱਟੇ ਦਰੱਖਤਾਂ ਦੀ ਲੱਕੜ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਥਾਵਾਂ ਉੱਪਰ ਵੀ ਦਰੱਖਤਾਂ ਦੀ ਲੱਕੜ ਚੋਰੀ ਕਰਨ ਦਾ ਰੁਝਾਨ ਵੱਧਦਾ ਜਾ ਰਿਹਾ। ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਆਗੂ ਹਰਬੰਸ ਸਿੰਘ ਸੋਢੀ, ਹਰਵਿੰਦਰ ਸਿੰਘ ਹੈਰੀ ਧਾਂਦਰਾ, ਸੰਜੀਵ ਕੁਮਾਰ ਅੱਗਰਵਾਲ, ਕਿਰਪਾਲ ਸਿੰਘ ਰਾਜੋਮਾਜਰਾ ਨੇ ਕਿਹਾ ਕਿ ਰਜਵਾਹੇ ਦੇ ਕਿਨਾਰਿਆਂ ’ਤੇ ਲੱਗੇ ਦਰੱਖ਼ਤ ਤੋਂ ਇਲਾਵਾ ਹੇਠਾਂ ਗਿਰ ਚੁੱਕੇ ਦਰੱਖਤ ਦੀ ਲੱਕੜ ਚੋਰੀ ਰੋਜ਼ਾਨਾ ਹੋ ਰਹੀ ਹੈ। ਦਰੱਖ਼ਤਾਂ ਦੀ ਸਾਂਭ ਸੰਭਾਲ ਵੀ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਪੁਰਾਣੀ ਕਚਹਿਰੀ ਵਾਲੀ ਇਮਾਰਤ ਅੰਦਰ ਲੱਗੇ ਦਰੱਖਤਾਂ ਨੂੰ ਅੱਗ ਲਾ ਕੇ ਉਨ੍ਹਾਂ ਦੀਆਂ ਜੜ੍ਹਾਂ ਨੂੰ ਕਮਜ਼ੋਰ ਕਰਕੇ ਉਨ੍ਹਾਂ ਨੂੰ ਜ਼ਮੀਨ ’ਤੇ ਸੁੱਟ ਦਿੱਤਾ ਗਿਆ ਹੈ। ਉਨ੍ਹਾਂ ਇਸ ਸਬੰਧੀ ਜਾਂਚ ਕਰਨ ਦੀ ਮੰਗ ਕੀਤੀ। ਇਸ ਸਬੰਧੀ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀ ਮੋਨਿਕਾ ਦੇਵੀ ਨੇ ਮੌਕਾ ਵੇਖ ਕੇ ਕਾਰਵਾਈ ਕਰਨ ਦੀ ਗੱਲ ਕੀਤੀ।