ਨਿੱਜੀ ਪੱਤਰ ਪ੍ਰੇਰਕ
ਧੂਰੀ, 2 ਅਪਰੈਲ
ਵਿਧਾਨ ਸਭਾ ਹਲਕਾ ਧੂਰੀ ਦੀਆਂ ਚੋਣਾਂ ਵਿੱਚ ਅਕਸਰ ਸਿਆਸੀ ਮੁੱਦਾ ਬਣਨ ਵਾਲਾ ਟੌਲ ਪਲਾਜ਼ਾ ਲੱਡਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਭਾਵੇਂ ਕਿ ਹੁਣ ਹਲਕਾ ਧੂਰੀ ਦੀ ਨੁਮਾਇੰਦਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਤੌਰ ਵਿਧਾਇਕ ਕਰ ਰਹੇ ਹਨ, ਪਰ ਇਸ ਟੌਲ ਪਲਾਜ਼ਾ ਨੂੰ ਇੱਥੋਂ ਚੁਕਵਾਉਣ ਸਬੰਧੀ ਲੋਕਾਂ ਦੀਆਂ ਆਸਾਂ ਨੂੰ ਹਾਲ ਦੀ ਘੜੀ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਹੈ। ਜਾਣਕਾਰੀ ਅਨੁਸਾਰ ਕਾਰ ਤੇ ਜੀਪ ਦੇ ਰੇਟਾਂ ਨੂੰ 55 ਤੇ 85 ਰੁਪਏ ਤੋਂ ਵਧਾ ਕੇ 60 ਤੇ 90 ਰੁਪਏ, ਟਰੈਕਟਰ, ਟਰੈਲਰ, ਮਿਨੀ ਬੱਸ ਦੇ ਰੇਟ 90 ਤੇ 130 ਰੁਪਏ ਤੋਂ ਵਧਾ ਕੇ 95 ਤੇ 145 ਰੁਪਏ, ਬੱਸ, ਟਰੱਕ, ਰੋਡ ਰੋਲਰ ਦੇ ਰੇਟ 180 ਤੇ 275 ਤੋਂ ਵਧਾ ਕੇ 200, 295 ਰੁਪਏ ਅਤੇ ਚਾਰ ਤੋਂ ਛੇ ਐਕਸਲ ਹੈਵੀ, ਅਰਥ ਮੂਵਿੰਗ ਮਸ਼ੀਨਰੀ ਵਾਹਨਾਂ ਦੇ ਰੇਟਾਂ ਨੂੰ 285 ਤੇ 425 ਰੁਪਏ ਤੋਂ ਵਧਾ ਕੇ 310 ਤੇ 460 ਰੁਪਏ ਅਤੇ ਓਵਰ ਸਾਈਜ਼ ਵਾਹਨਾਂ ਦੇ ਰੇਟ 345 ਤੇ 520 ਰੁਪਏ ਤੋਂ ਵਧਾ ਕੇ 375 ਤੇ 565 ਰੁਪਏ ਕਰ ਦਿੱਤੇ ਗਏ ਹਨ। ਉੱਧਰ, ਟੌਲ ਪਲਾਜ਼ਿਆਂ ਦੇ ਰੇਟਾਂ ਵਿੱਚ ਕੀਤੇ ਗਏ ਇਜ਼ਾਫ਼ੇ ਦੀ ਅਕਾਲੀ ਦਲ ਦੇ ਆਗੂ ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਮੇਜਰ ਸਿੰਘ ਪੁੰਨਾਵਾਲ ਨੇ ਨਿੰਦਾ ਕਰਦਿਆਂ ਕਿਹਾ ਕਿ ਧੂਰੀ-ਸੰਗਰੂਰ ਮੁੱਖ ਮਾਰਗ ’ਤੇ ਸਥਿਤ ਇਸ ਟੌਲ ਪਲਾਜ਼ਾ ਦੇ ਰੇਟਾਂ ਵਿੱਚ ਕੀਤੇ ਗਏ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ‘ਵਿਸ਼ੇਸ ਅਧਿਕਾਰਾਂ’ ਦੀ ਵਰਤੋਂ ਕਰਦੇ ਹੋਏ ਲੋਕਾਂ ਨੂੰ ਇਸ ਟੌਲ ਪਲਾਜ਼ਾ ਤੋਂ ਪੱਕੀ ਰਾਹਤ ਦਿਵਾਉਣ।