ਮਾਲੇਰਕੋਟਲਾ: ਸ਼ਹਿਰ ਦੇ ਟਰੈਫਿਕ ਇੰਚਾਰਜ ਕਰਨਜੀਤ ਸਿੰਘ ਜੇਜੀ ਨੇ ਸਥਾਨਕ ਦਿੱਲੀ ਗੇਟ ਬਾਹਰ, ਜਿਥੇ ਨੇੜਲੇ ਪਿੰਡਾਂ ਅਤੇ ਸ਼ਹਿਰ ਦੇ ਦਿਹਾੜੀਦਾਰ ਹਰ ਰੋਜ਼ ਕੰਮ ਦੀ ਭਾਲ ’ਚ ਇਕੱਤਰ ਹੁੰਦੇ ਹਨ ਤੇ ਜਿਸ ਨੂੰ ਲੇਬਰ ਚੌਕ ਵੀ ਕਿਹਾ ਜਾਣ ਲੱਗਾ ਹੈ, ਉਥੇ ਵਾਟਰ ਕੂਲਰ ਲਵਾਇਆ। ਸ੍ਰੀ ਜੇਜੀ ਨੇ ਇਸ ਵਾਟਰ ਕੂਲਰ ਦਾ ਉਦਘਾਟਨ ਇੱਕ ਰੇਹੜੀ ਲਾਉਣ ਵਾਲੇ ਤੋਂ ਕਰਵਾਇਆ ਹੈ, ਜਿਸ ਦੀ ਸ਼ਹਿਰ ਅੰਦਰ ਭਾਰੀ ਸ਼ਲਾਘਾ ਹੋ ਰਹੀ ਹੈ। ਵਾਟਰ ਕੂਲਰ ਦਾ ਉਦਘਾਟਨ ਕਰਨ ਵਾਲੇ ਰੇਹੜੀ ਮਾਲਕ ਮਨਜ਼ੂਰ ਆਲਮ ਨੇ ਭਾਵੁਕ ਹੁੰਦਿਆਂ ਕਿਹਾ ਕਿ ਇੱਕ ਪੁਲੀਸ ਅਧਿਕਾਰੀ ਵੱਲੋਂ ਉਸ ਜਿਹੇ ਆਮ ਵਿਅਕਤੀ ਤੋਂ ਇਸ ਨੇਕ ਕਾਰਜ ਦਾ ਉਦਘਾਟਨ ਕਰਵਾ ਕੇ ਉਸ ਨੂੰ ਬੇਹੱਦ ਮਾਣ ਬਖ਼ਸ਼ਿਆ ਹੈ। ਟਰੈਫਿਕ ਇੰਚਾਰਜ ਕਰਨਜੀਤ ਸਿੰਘ ਜੇਜੀ ਨੇ ਦੱਸਿਆ ਕਿ ਇਥੇ ਇੰਨੀ ਗਰਮੀ ਵਿੱਚ ਕਾਮਿਆਂ ਲਈ ਪਾਣੀ ਦਾ ਪ੍ਰਬੰਧ ਨਹੀਂ, ਜਿਸ ਕਰਕੇ ਇਹ ਕਾਰਜ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ