ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 22 ਸਤੰਬਰ
ਇੱਥੋਂ ਨੇੜਲੇ ਪਿੰਡ ਤੁਰੀ ਦੇ ਵਾਸੀਆਂ ਵੱਲੋਂ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਹਰ ਵਾਰ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਕੀਤੀ ਜਾਂਦੀ ਹੈ। ਪਿਛਲੇ 70 ਸਾਲਾਂ ’ਚ ਸਿਰਫ਼ ਇਕ ਵਾਰ ਹੀ ਵੋਟਾਂ ਨਾਲ ਚੋਣ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਜੂਦਾ ਨੌਜਵਾਨ ਸਰਪੰਚ ਜਗਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਉਨ੍ਹਾਂ ਦੀ ਸੁਰਤ ਤੋਂ ਪਹਿਲਾਂ ਦੀ ਹੀ ਸਰਬਸੰਮਤੀ ਨਾਲ ਪੰਚਾਇਤ ਚੁਣਨ ਦੀ ਰਵਾਇਤ ਚੱਲੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਹਰ ਵਾਰ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਦੌਰਾਨ ਲੱਖਾਂ ਰੁਪਏ ਖ਼ਰਚ ਕਰ ਕੇ ਵੋਟਾਂ ਨਾਲ ਪੰਚਾਇਤਾਂ ਚੁਣੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਦੇ ਪਿੰਡ ਦੇ ਲੋਕ ਗੁਰੂ ਘਰ ਬੈਠ ਕੇ ਨਵੇਂ ਸਰਪੰਚ ਅਤੇ ਪੰਚ ਚੁਣ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਢੰਗ ਨਾਲ ਪਿੰਡ ਵਿੱਚ ਧੜੇਬੰਦੀਆਂ ਅਤੇ ਆਪਸੀ ਲੜਾਈ ਝਗੜਿਆਂ ਤੋਂ ਬਚਾਅ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪਿੰਡ ਦੇ ਰਾਜਵਿੰਦਰ ਸਿੰਘ, ਰਾਜ ਸਿੰਘ, ਪਰਮਜੀਤ ਸਿੰਘ, ਮਨਜੀਤ ਕੌਰ ਅਤੇ ਗਿਆਨ ਸਿੰਘ ਆਦਿ ਸਰਪੰਚ ਰਹਿ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੂੰ ਰੋਸ ਹੈ ਕਿ ਸਰਬਸੰਮਤੀ ਚੋਣ ਹੋਣ ਦੇ ਬਾਵਜੂਦ ਵੱਖ ਵੱਖ ਸਰਕਾਰਾਂ ਵੱਲੋਂ ਪਿੰਡ ਨੂੰ ਕੋਈ ਵਿਸ਼ੇਸ਼ ਗ੍ਰਾਂਟ ਜਾਂ ਪੈਕੇਜ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਅਜੇ ਤੱਕ ਪੀਣ ਵਾਲੇ ਪਾਣੀ ਦੀ ਟੈਂਕੀ ਨਹੀਂ, ਲੋਕਾਂ ਦੀ ਸਿਹਤ ਸਹੂਲਤਾਂ ਇਲਾਜ ਲਈ ਕੋਈ ਡਿਸਪੈਂਸਰੀ ਨਹੀਂ ਹੈ। ਪਿੰਡ ਦੇ ਬੱਚਿਆਂ ਲਈ ਕੋਈ ਵਧੀਆ ਖੇਡ ਮੈਦਾਨ ਨਹੀਂ ਹੈ। ਅਜੇ ਤੱਕ ਪਿੰਡ ਵਿੱਚ ਸੀਵਰੇਜ ਨਹੀਂ ਹੈ। ਪਿੰਡ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ ਜਿਸ ਵਿੱਚ 21 ਬੱਚੇ ਪੜ੍ਹਦੇ ਹਨ ਤੇ ਦੋ ਅਧਿਆਪਕ ਹਨ। ਪਿੰਡ ਦੀ ਸਿਰਫ਼ ਦੋ ਏਕੜ ਪੰਚਾਇਤੀ ਜ਼ਮੀਨ ਹੈ ਜਿਸ ਕਾਰਨ ਪਿੰਡ ਦੇ ਵਿਕਾਸ ਕਾਰਜਾਂ ਲਈ ਸਰਕਾਰੀ ਗ੍ਰਾਂਟ ’ਤੇ ਹੀ ਨਿਰਭਰਤਾ ਹੈ। ਪਿੰਡ ਦੇ ਸਰਪੰਚ ਜਗਜੀਤ ਸਿੰਘ ਅਤੇ ਨੌਜਵਾਨ ਰਾਜੀ ਨੇ ਦੱਸਿਆ ਕਿ ਇਸ ਵਾਰ ਪਿੰਡ ਵਾਸੀ ਸਰਬਸੰਮਤੀ ਨਾਲ ਹੀ ਪੰਚਾਇਤ ਦੀ ਚੋਣ ਕਰਨਗੇ।
ਸਰਬਸੰਮਤੀ ’ਤੇ ਖ਼ੁਦ ਪਿੰਡ ਜਾ ਕੇ ਗ੍ਰਾਂਟ ਦੇਵਾਂਗੀ: ਭਰਾਜ
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਇਸ ਵਾਰ ਸਰਬਸੰਮਤੀ ਨਾਲ ਚੋਣ ਹੋਣ ਵਾਲੇ ਪਿੰਡ ਵਿੱਚ ਉਹ ਖ਼ੁਦ ਪਿੰਡ ਵਿੱਚ ਜਾ ਕੇ ਪੰਜ ਲੱਖ ਰੁਪਏ ਦੀ ਰਕਮ ਦੇ ਚੈੱਕ ਅਤੇ ਪਿੰਡ ਵਾਲਿਆਂ ਦੀਆਂ ਹੋਰ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ।