ਗੁਰਦੀਪ ਸਿੰਘ ਲਾਲੀ
ਸੰਗਰੂਰ, 17 ਅਗਸਤ
ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਪੰਜਾਬ ਭਰ ਵਿਚ ਜ਼ਿਲ੍ਹਾ ਪੱਧਰ ’ਤੇ 20 ਅਗਸਤ ਨੂੰ ਰੋਸ ਰੈਲੀਆਂ ਕਰਨ ਦੇ ਦਿੱਤੇ ਸੱਦੇ ਨੂੰ ਸਫ਼ਲ ਬਣਾਉਣ ਲਈ ਸਾਂਝਾ ਫਰੰਟ ਦੇ ਕਨਵੀਨਰਾਂ ਵੱਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਮੀਟਿੰਗ ਕੀਤੀ ਗਈ। ਇਸ ਮੌਕੇ ਪੰਜਾਬ ਸਰਕਾਰ ਦੇ ਮੰਗਾਂ ਸਬੰਧੀ ਅੜੀਅਲ ਵਤੀਰੇ ’ਤੇ ਰੋਸ ਜ਼ਾਹਿਰ ਕੀਤਾ ਗਿਆ।
ਇਸ ਮੌਕੇ ਸਾਂਝਾ ਫਰੰਟ ਦੇ ਕਨਵੀਨਰਾਂ ਪ੍ਰੀਤਮ ਸਿੰਘ ਧੂਰਾ, ਸੀਤਾ ਰਾਮ ਸ਼ਰਮਾ, ਰਾਜ ਕੁਮਾਰ ਅਰੋੜਾ, ਜਗਦੀਸ਼ ਸ਼ਰਮਾ, ਅਵਿਨਾਸ਼ ਚੰਦਰ ਸ਼ਰਮਾ, ਰਾਜਵੀਰ ਸ਼ਰਮਾ ਬਡਰੁੱਖਾਂ, ਰਾਕੇਸ਼ ਸ਼ਰਮਾ, ਹਰਜੀਤ ਬਾਲੀਆਂ, ਭਾਰਤ ਬੇਦੀ, ਸ੍ਰੀ ਨਿਵਾਸ ਸ਼ਰਮਾ, ਮੇਲਾ ਸਿੰਘ ਪੁੰਨਾਵਾਲ, ਸੁਖਦੇਵ ਚੰਗਾਲੀਵਾਲਾ ਨੇ ਸੰਬੋਧਨ ਕੀਤਾ। ਆਗੂਆਂ ਨੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਜ਼ਿਲ੍ਹਾ ਮਾਲੇਰਕੋਟਲਾ ਦੀ ਮੀਟਿੰਗ ਜਸਵੰਤ ਸਿੰਘ ਬਨਭੌਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਜਸਵੰਤ ਸਿੰਘ ਬਨਭੌਰੀ, ਨਾਹਰ ਸਿੰਘ ਮੁਬਾਰਕਪੁਰੀ, ਰਣਜੀਤ ਸਿੰਘ ਰਾਣਵਾਂ, ਜਗਤਾਰ ਸਿੰਘ, ਪ੍ਰੇਮ ਸਿੰਘ, ਦੀਦਾਰ ਸਿੰਘ, ਅੰਮ੍ਰਿਤਪਾਲ ਸਿੰਘ ਕਨਵੀਨਰ ਚੁਣੇ ਗਏ। ਇਸ ਤੋਂ ਇਲਾਵਾ ਇੱਕ ਨਾਹਰ ਸਿੰਘ ਕੋਆਰਡੀਨੇਟਰ ਅਤੇ ਨਿਰਮਲ ਸਿੰਘ ਫਲੌਂਡ ਵਿੱਤ ਸਕੱਤਰ ਚੁਣੇ ਗਏ।
ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਕੈਪਟਨ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਵਿਰੁੱਧ 20 ਅਗਸਤ ਨੂੰ ਡੀਸੀ ਦਫ਼ਤਰ ਮਾਲੇਰਕੋਟਲਾ ਦੇ ਦਫ਼ਤਰ ਅੱਗੇ ਰੋਸ ਰੈਲੀ ਕਰ ਕੇ ਮੰਗ ਕੀਤੀ ਜਾਵੇਗੀ ਕਿ ਤਨਖ਼ਾਹ ਸਕੇਲਾਂ ਦੀਆਂ ਤਰੁੱਟੀਆਂ ਸੋਧ ਕੇ 2.72 ਅਤੇ 3.74 ਦੇ ਗੁਣਾਂਕ ਨਾਲ ਵਾਧਾ ਕੀਤਾ ਜਾਵੇ। ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ।