ਬੀਰਬਲ ਰਿਸ਼ੀ
ਸ਼ੇਰਪੁਰ, 3 ਜਨਵਰੀ
ਤਿੰਨ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰਦੀ ਭਗਵਾਨਪੁਰਾ ਗੰਨਾ ਮਿੱਲ ਨੂੰ ਮੁੜ ਚਾਲੂ ਕਰਵਾਉਣ ਲਈ ਅੱਜ ਸੰਯੁਕਤ ਕਿਸਾਨ ਮੋਰਚਾ ’ਚ ਸ਼ਾਮਲ ਕਿਸਾਨ ਧਿਰਾਂ ਨੇ ਪਲੇਠੀ ਮੀਟਿੰਗ ਦੌਰਾਨ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕ ਲਈ ਹੈ। ਜਾਣਕਾਰੀ ਅਨੁਸਾਰ ਭਲਕੇ 4 ਜਨਵਰੀ ਨੂੰ ਮੁੜ ਮਿੱਲ ਮੈਨੇਜਮੈਂਟ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਮਗਰੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਜਹਾਂਗੀਰ ਵਿਖੇ ਕੀਤੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਬੰਦ ਕੀਤੇ ਗੰਨਾ ਮਿੱਲ ਨੂੰ ਚਾਲੂ ਕਰਵਾਉਣ, ਗੰਨਾ ਕਾਸ਼ਤਕਾਰਾਂ ਦੇ ਮਿੱਲ ਵੱਲ ਖੜ੍ਹੀ ਬਕਾਇਆ ਰਾਸ਼ੀ ਜ਼ਾਰੀ ਕਰਵਾਉਣ, ਅਗਲੇ ਸੀਜ਼ਨ ਲਈ ਗੰਨੇ ਦੀ ਬਿਜਾਈ ਦੇ ਠੋਸ ਪ੍ਰਬੰਧ ਕਰਨ ਦੀਆਂ ਮੰਗਾਂ ਨੂੰ 4 ਜਨਵਰੀ ਦੀ ਮੀਟਿੰਗ ਵਿੱਚ ਮਿੱਲ ਮੈਨੇਜਮੈਂਟ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਅੱਗੇ ਰੱਖਿਆ ਜਾਵੇਗਾ। ਮੀਟਿੰਗ ਵਿੱਚ ਵੱਖ ਧਿਰਾਂ ਵੱਲੋਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਮੇਜਰ ਸਿੰਘ ਪੁੰਨਾਵਾਲ, ਬੀਕੇਯੂ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਊਧਮ ਸਿੰਘ ਸੰਤੋਖਪੁਰਾ, ਬੀਕੇਯੂ ਡਕੌਂਦਾ (ਬੁਰਜਗਿੱਲ) ਦੇ ਬਲਾਕ ਪ੍ਰਧਾਨ ਨਾਜ਼ਮ ਸਿੰਘ ਪੁੰਨਾਵਾਲ, ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਸਕੱਤਰ ਸਤਵੰਤ ਸਿੰਘ ਢਢੋਗਲ, ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਜੱਖਲਾਂ ਤੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਆਦਿ ਹਾਜ਼ਰ ਸਨ।
ਮੀਟਿੰਗ ’ਚੋਂ ਗੰਨਾ ਸੰਘਰਸ਼ ਕਮੇਟੀ ਦੇ ਆਗੂਆਂ ਦੀ ਦੂਰੀ ਕਾਰਨ ਚਰਚਾ ਛਿੜੀ
ਸੰਯੁਕਤ ਕਿਸਾਨ ਮੋਰਚੇ ਦੀ ਪਲੇਠੀ ਮੀਟਿੰਗ ਵਿੱਚ ਗੰਨਾ ਸੰਘਰਸ਼ ਕਮੇਟੀ ਦੇ ਆਗੂਆਂ ਦੀ ਦੂਰੀ ਚਰਚਾ ਦਾ ਵਿਸ਼ਾ ਬਣੀ ਰਹੀ। ਸੂਤਰਾਂ ਦੀ ਮੰਨੀਏ ਤਾਂ ਸੰਯੁਕਤ ਮੋਰਚੇ ਸ਼ੁਮਾਰ ਕੁੱਝ ਜਥੇਬੰਦੀਆਂ ਨੂੰ ਕਮੇਟੀ ਦੇ ਕੰਮ ਢੰਗ, ‘ਜ਼ਾਬਤੇ’ ਦੀ ਪਾਲਣਾ ਅਤੇ ਕੁਝ ਹੋਰ ਗੱਲਾਂ ’ਤੇ ਕਿੰਤੂ ਦੱਸਿਆ ਜਾ ਰਿਹਾ ਹੈ। ਉਂਜ ਇਸ ਮਾਮਲੇ ਵਿੱਚ ਸੰਯੁਕਤ ਮੋਰਚੇ ਦੇ ਆਗੂਆਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮੀਟਿੰਗ ਦਾ ਕੋਈ ਸੱਦਾ ਨਹੀਂ ਆਇਆ।