ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 2 ਜੂਨ
ਜੇਠ ਮਹੀਨਾ ਤਪ ਰਿਹਾ ਹੈ। ਲੋਕਾਂ ਨੇ ਪਿਆਸ ਬੁਝਾਉਣ ਲਈ ਫ਼ਰਿੱਜ ਦੇ ਨਾਲ- ਨਾਲ ਮਿੱਟੀ ਦੇ ਬਰਤਨਾਂ ਖ਼ਾਸ ਕਰ ਕੇ ਸੁਰਾਹੀਆਂ ਅਤੇ ਗ਼ਰੀਬ ਦੇ ਫ਼ਰਿੱਜ ਵਜੋਂ ਜਾਣੇ ਜਾਂਦੇ ਘੜਿਆਂ ਦੇ ਪਾਣੀ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਇਸ ਲਈ ਮਿੱਟੀ ਦੇ ਭਾਂਡਿਆਂ ਦੀ ਮੰਗ ਵਧ ਗਈ ਹੈ। ਸ਼ਹਿਰਾਂ ਅੰਦਰ ਮਿੱਟੀ ਦੇ ਭਾਂਡੇ ਵਿਕ ਰਹੇ ਹਨ।
ਲੋਕ ਮੰਨਣ ਲੱਗ ਪਏ ਹਨ ਕਿ ਫਰਿੱਜ ਦੇ ਪਾਣੀ ਨਾਲੋਂ ਘੜੇ ਦਾ ਪਾਣੀ ਸਿਹਤ ਲਈ ਵਧੇਰੇ ਲਾਹੇਵੰਦ ਹੈ। ਲੋਕਾਂ ਦੀ ਮੰਗ ਅਤੇ ਪਸੰਦ ਨੂੰ ਦੇਖਦੇ ਹੋਏ ਕਾਰੀਗਰਾਂ ਨੇ ਵੱਖ-ਵੱਖ ਡਿਜ਼ਾਈਨਾਂ ਵਿੱਚ ਘੜੇ, ਸੁਰਾਹੀਆਂ, ਜੱਗ, ਤੌੜੀਆਂ, ਬੋਤਲਾਂ, ਕੌਲੀਆਂ,ਚੱਪਣ ,ਢੱਕਣ, ਚਟਣੀ ਕੁੱਟਣ ਲਈ ਕੂੰਡੀਆਂ, ਦਹੀਂ ਜਮਾਉਣ ਲਈ ਕੁੱਜੇ, ਪ੍ਰਾਂਤਾਂ ਅਤੇ ਗਲਾਸ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰ ਨੇ ਗੁਰਮੇਲ ਸਿੰਘ ਕੇਲੋਂ ਨੇ ਦੱਸਿਆ ਕਿ ਹੁਣ ਮਿੱਟੀ ਦੇ ਭਾਂਡੇ ਬਣਾਉਣ ਵਾਲੀ ਕਾਲੀ ਮਿੱਟੀ ਬੜੀ ਮੁਸ਼ਕਲ ਨਾਲ ਮਿਲਦੀ ਹੈ। ਕਾਲੀ ਮਿੱਟੀ ਦੀ ਟਰਾਲੀ ਮੁੱਲ ਮੰਗਵਾਉਣੀ ਪੈਂਦੀ ਹੈ। ਫਿਰ ਉਸ ਨੂੰ ਲੋੜੀਂਦਾ ਪਾਣੀ ਪਾ ਕੇ ਮਿੱਧ ਕੇ ਘਾਣੀ ਬਣਾਉਣੀ ਪੈਂਦੀ ਹੈ ਤੇ ਫਿਰ ਚੱਕ ’ਤੇ ਪਾ ਕੇ ਵੱਖ-ਵੱਖ ਭਾਂਡਿਆਂ ਦੇ ਅਕਾਰ ਦਿੱਤੇ ਜਾਂਦੇ ਹਨ। ਇਨ੍ਹਾਂ ਕੱਚੇ ਭਾਂਡਿਆਂ ਨੂੰ ਧੁੱਪ ’ਚ ਸੁਕਾ ਕੇ ਫਿਰ ਆਵੇ ਵਿੱਚ ਅੱਗ ਦੇ ਕੇ ਪਕਾਇਆ ਜਾਂਦਾ ਹੈ।
ਇਸ ਕੰਮ ਵਿੱਚ ਉਨ੍ਹਾਂ ਦੇ ਬੱਚੇ ਤੇ ਔਰਤਾਂ ਵੀ ਉਨ੍ਹਾਂ ਨਾਲ ਹੱਥ ਵਟਾਉਂਦੇ ਹਨ। ਉਸ ਨੇ ਦੱਸਿਆ ਕਿ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਵੱਧ ਹੁੰਦੀ ਹੈ। ਪਰ ਹੁਣ ਸ਼ਹਿਰੀ ਲੋਕ ਵੀ ਮਿੱਟੀ ਦੇ ਭਾਂਡਿਆਂ ਵੱਲ ਮੁੜਨ ਲੱਗੇ ਹਨ। ਉਸ ਨੇ ਦੱਸਿਆ ਕਿ ਭਾਵੇਂ ਪਿਛਲੇ ਦੋ-ਤਿੰਨ ਦਹਾਕਿਆਂ ’ਚ ਆਧੁਨਿਕਤਾ ਨੇ ਉਨ੍ਹਾਂ ਦੇ ਕੰਮ ਨੂੰ ਬਹੁਤ ਵੱਡੀ ਢਾਹ ਲਾਈ ਹੈ ਪਰ ਹੁਣ ਲੋਕ ਫਿਰ ਰਵਾਇਤੀ ਭਾਂਡਿਆਂ ਵੱਲ ਪਰਤ ਰਹੇ ਹਨ। ਅਧਿਆਪਕ ਅਮਨਦੀਪ ਸਿੰਘ ਮਾਲੇਰਕੋਟਲਾ ਨੇ ਕਿਹਾ ਕਿ ਹੁਣ ਬੱਚੇ ਵੀ ਘੜੇ ਦਾ ਪਾਣੀ ਪੀਣਾ ਪਸੰਦ ਕਰਦੇ ਹਨ ਸਭਨਾਂ ਨੂੰ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਰਵਾਇਤੀ ਵਸਤਾਂ ਤੇ ਰਵਾਇਤੀ ਪੇਂਡੂ ਕਿੱਤਿਆਂ ਨੂੰ ਹੁਲਾਰਾ ਮਿਲਦਾ ਹੈ।