ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ
ਧੂਰੀ/ਸ਼ੇਰਪੁਰ, 14 ਮਈ
ਹੇੜੀਕੇ ਦੀ ਪੰਚਾਇਤੀ ਜ਼ਮੀਨ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ ਸ਼ੇਰਪੁਰ ਦੇ ਕਾਤਰੋਂ ਚੌਂਕ ’ਚ ਧਰਨੇ ’ਤੇ ਬੈਠੇ ਪੰਚਾਇਤੀ ਨੁਮਾਇੰਦਿਆਂ ਨੇ ਅੱਜ ਸੰਗਰੂਰ ਦੇ ਐਸਪੀ ਪਲਵਿੰਦਰ ਸਿੰਘ ਚੀਮਾ, ਡੀਐੱਸਪੀ ਪਰਮਿੰਦਰ ਸਿੰਘ ਅਤੇ ਐੱਸਐੱਚਓ ਸੁਖਵਿੰਦਰ ਕੌਰ ਵੱਲੋਂ ਪੰਚ ਦੇ ਹਮਲਾ ਕਰਨ ਦੋਸ਼ਾਂ ‘ਚ ਘਿਰੇ ਮਜ਼ਦੂਰ ਆਗੂ ਨਾਹਰ ਸਿੰਘ ਤੇ ਬੂਟਾ ਸਿੰਘ ਦੀ ਗ੍ਰਿਫ਼ਤਾਰੀ ਕਰਕੇ ਰਿਮਾਂਡ ਲੈ ਲੈਣ ਦੇ ਖੁਲਾਸੇ ਮਗਰੋਂ ਬੀਤੇ ਕੱਲ੍ਹ ਤੋਂ ਚੱਲ ਰਿਹਾ ਪੱਕਾ ਧਰਨਾ ਸਮਾਪਤ ਹੋ ਗਿਆ। ਯਾਦ ਰਹੇ ਪਿੰਡ ਹੇੜੀਕੇ ’ਚ ਐਸਸੀ ਵਰਗ ਦੇ ਰਾਖਵੇਂ ਕੋਟੇ ਦੀ ਜ਼ਮੀਨ ਦੇ ਚੱਲ ਰੇੜਕੇ ਦੇ ਮੱਦੇਨਜ਼ਰ ਪੰਚਾਇਤ ਮੈਂਬਰ ਗਗਨਦੀਪ ਸਿੰਘ ਗਾਂਧੀ ਨਾਲ ਹੋਈ ਹਿੰਸਕ ਝੜਪ ਮਗਰੋਂ ਦੋਵੇਂ ਧਿਰਾਂ ਦਾ ਇੱਕ-ਇੱਕ ਮੈਂਬਰ ਜ਼ਖਮੀ ਹੋਣ ਕਾਰਨ ਪਿੰਡ ਹੇੜੀਕੇ ਦੀ ਪੰਚਾਇਤ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆਹਮੋ-ਸਾਹਮਣੇ ਆ ਗਈਆਂ ਸਨ। ਧਰਨਾਕਾਰੀ ਪੰਚਾਇਤੀ ਨੁਮਾਇੰਦਿਆਂ ਸਰਪੰਚ ਪਲਵਿੰਦਰ ਕੌਰ, ਅਵਤਾਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਪੁਲੀਸ ਨੇ ਉਨ੍ਹਾਂ ਨੂੰ ਇਰਾਦਾ ਕਤਲ ਦੇ ਪਰਚੇ ਵਿੱਚ ਸ਼ਾਮਲ ਹੋਰਨਾਂ ਆਗੂਆਂ ਦੀ ਗ੍ਰਿਫਤਾਰੀ ਦਾ ਭਰੋਸਾ ਦਿੱਤਾ ਹੈ।
ਉਧਰ, ਦੂਜੇ ਪਾਸੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ੋਨ ਕਨਵੀਨਰ ਪਰਮਜੀਤ ਕੌਰ ਲੌਂਗੋਵਾਲ ਨੇ ਦੱਸਿਆ ਕਿ ਪੁਲੀਸ ਨੇ ਉਨ੍ਹਾਂ ਨੂੰ ਦੂਜੀ ਧਿਰ ’ਤੇ ਬਰਾਬਰ ਪਰਚਾ ਕਰਨ ਦਾ ਖੁਲਾਸਾ ਕਰਕੇ ਡੀਐਸਪੀ ਪਰਮਿੰਦਰ ਸਿੰਘ ਦੇ ਦਫ਼ਤਰ ਅੱਗੇ ਦੋ ਦਿਨਾਂ ਤੋਂ ਚੱਲ ਰਹੇ ਧਰਨੇ ਤੋਂ ਉਠਾਇਆ ਹੈ। ਉਨ੍ਹਾਂ ਦਾਅਵਾ ਕੀਤਾ ਐਸਐਸਪੀ ਸੰਗਰੂਰ ਨਾਲ ਜਥੇਬੰਦੀ ਦੇ ਚੋਣਵੇਂ ਆਗੂਆਂ ਨਾਲ 16 ਮਈ ਨੂੰ ਮੀਟਿੰਗ ਹੋਵੇਗੀ। ਜੇਕਰ ਪੁਲੀਸ ਵੱਲੋਂ ਕੀਤੇ ਵਾਅਦਿਆਂ ਤੇ ਦਾਅਵਿਆਂ ਵਿੱਚ ਸਚਾਈ ਨਾ ਹੋਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਡੀਐਸਪੀ ਪਰਮਿੰਦਰ ਸਿੰਘ ਨੇ ਉਕਤ ਦੋ ਮਜ਼ਦੂਰ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ ਲੈਣ ਦੀ ਪੁਸ਼ਟੀ ਕੀਤੀ ਅਤੇ ਪਰਚੇ ’ਚ ਸ਼ਾਮਲ ਹੋਰਨਾ ਨੂੰ ਛੇਤੀ ਗ੍ਰਿਫ਼ਤਾਰ ਕਰਨ ਦਾ ਖੁਲਾਸਾ ਕੀਤਾ।