ਬੀਰਬਲ ਰਿਸ਼ੀ
ਸ਼ੇਰਪੁਰ, 10 ਮਾਰਚ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਪਾਰਟੀ ਵੱਲੋਂ ਪੰਜਾਬ ਫਤਿਹ ਕਰਨ ਦਾ ਮਿਸ਼ਨ ਪੂਰਾ ਕਰ ਲੈਣ ਨਾਲ ਉਨ੍ਹਾਂ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਭਗਵੰਤ ਮਾਨ ਦੀ ਜਿੱਤ ਮਗਰੋਂ ਉਨ੍ਹਾਂ ਦੇ ਸਮਰਥਕਾਂ ਦਾ ਜੇਤੂ ਮਾਰਚ ਪਿੰਡ ਸੁਲਤਾਨਪੁਰ ਤੋਂ ਗਿਣਤੀ ਵਾਲੇ ਸਥਾਨ ਬਰੜਵਾਲ ਕਾਲਜ ਪਹੁੰਚਿਆ ਜਿੱਥੋਂ ਨਾਮਵਰ ਗੀਤਕਾਰ ਬਚਨ ਬੇਦਿਲ ਤੇ ਲੇਖਕ ਪਰਮਿੰਦਰ ਸਿੰਘ ਪੁਨੂੰ ਕਾਤਰੋਂ ਦੀ ਸਾਂਝੀ ਅਗਵਾਈ ਹੇਠ ਪਿੰਡ ਕਹੇਰੂ, ਬਮਾਲ, ਘਨੌਰ ਖੁਰਦ, ਘਨੌਰ ਕਲਾਂ, ਘਨੌਰੀ ਕਲਾਂ ਸਮੇਤ ਹੋਰ ਪਿੰਡਾਂ ਵਿੱਚੋਂ ਹੁੰਦਾ ਹੋਇਆ ਕਾਤਰੋਂ ਜਾ ਕੇ ਸਮਾਪਤ ਹੋਇਆ। ਪਿੰਡਾਂ ਵਿੱਚ ਲੋਕਾਂ ਨੇ ਜੇਤੂ ਕਾਫ਼ਲੇ ’ਤੇ ਫੁੱਲਾਂ ਦੀ ਵਰਖਾ ਵੀ ਕੀਤੀ। ਪਿੰਡ ਸੁਲਤਾਨਪੁਰ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਪਿੰਡ ਜਿੱਥੇ ਅੱਜ ਸਵੱਖਤੇ ਹੀ ਚਾਹ ਤੇ ਜਲੇਬੀਆਂ ਦਾ ਲੰਗਰ ਲਾ ਦਿੱਤਾ ਸੀ ਉੱਥੇ ਪਿੰਡ ਵਾਲਿਆਂ ਨੇ ਪਹਿਲੀ ਵਾਰ ਚੋਣ ਨਤੀਜੇ ਬੱਸ ਅੱਡੇ ‘ਤੇ ਲਾਈ ਵੱਡੀ ਸਕਰੀਨ ’ਤੇ ਵੇਖੇ। ਜਿਉਂ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਪਾਰਟੀ ਦੀ ਚੜ੍ਹਤ ਮਗਰੋਂ ਭੰਗੜੇ ਪਾਏ ਗਏ ਤੇ ਕਾਫ਼ਲਾ ਗਿਣਤੀ ਕੇਂਦਰ ਬਣੇ ਬਰੜਵਾਲ ਵੱਲ ਰਵਾਨਾ ਹੋਇਆ।