ਜਗਤਾਰ ਸਿੰਘ ਨਹਿਲ
ਲੌਂਗੋਵਾਲ, 6 ਸਤੰਬਰ
ਲੌਂਗੋਵਾਲ ਦੇ ਨਸ਼ਾ ਤਸਕਰੀ ਲਈ ਬਦਨਾਮ ਅਨਾਜ ਮੰਡੀ ਦੇ ਗੇਟ ਕੋਲ ਦੇ ਇਲਾਕੇ ਦੀਆਂ ਔਰਤਾਂ ਨੇ ਨਸ਼ਾ ਤਸਕਰਾਂ ਉਤੇ ਲਗਾਮ ਕੱਸਣ ਲਈ ਪਿਛਲੇ ਤਿੰਨ ਦਿਨਾਂ ਤੋਂ ਮੋਰਚਾ ਸੰਭਾਲਿਆ ਹੋਇਆ ਹੈ। ਹੱਥ ਵਿੱਚ ਡਾਂਗਾਂ ਫੜੀ ਇਨ੍ਹਾਂ ਔਰਤਾਂ ਦੇ ਚਿਹਰਿਆਂ ਪਿੱਛੇ ਛੁਪਿਆ ਦਰਦ ਜਿੱਥੇ ਰੋਹ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ, ਉਥੇ ਇਹ ਸੰਘਰਸ਼ ਭਲੀ ਭਾਂਤ ਇਸ ਵਰਤਾਰੇ ਤੋਂ ਜਾਣੂ ਪੁਲੀਸ ਪ੍ਰਸਾਸ਼ਨ ਦੇ ਮੂਹ ’ਤੇ ਵੀ ਕਰਾਰੀ ਚਪੇੜ ਹੈ। ਸਿਤਮ ਦੀ ਗੱਲ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਸੰਘਰਸ਼ ਕਰਨ ਵਾਲੀਆਂ ਇਨ੍ਹਾਂ ਔਰਤਾਂ ਦੀ ਸਾਰ ਲੈਣ ਲਈ ਇਕ ਵੀ ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਕੋਲ ਨਹੀਂ ਪਹੁੰਚਿਆ।
ਇਸ ਮੁਹੱਲੇ ਦੀਆਂ ਔਰਤਾਂ ਬਿੰਦਰ ਕੌਰ, ਚਰਨਜੀਤ ਕੌਰ, ਰਾਣੀ ਕੌਰ, ਪਰਮਜੀਤ ਕੌਰ, ਮੁਖਤਿਆਰ ਕੌਰ, ਬਲਵਿੰਦਰ ਕੌਰ, ਅਮਰਜੀਤ ਕੌਰ, ਸੁਖਵਿੰਦਰ ਕੌਰ ਨੇ ਸੁਨਾਮ ਰੋਡ ’ਤੇ ਡਰੇਨ ਦੇ ਪੁਲ ਨਜ਼ਦੀਕ ਲੌਂਗੋਵਾਲ ਅਨਾਜ ਮੰਡੀ ਦਾ ਪਹਿਲਾ ਗੇਟ ਨਸ਼ਾ ਤਸਕਰਾਂ ਦੀ ਪਹਿਲੀ ਪਸੰਦ ਹੈ। ਚਿੱਟਾ, ਗੋਲੀਆਂ, ਕੈਪਸੂਲਾਂ ਦੇ ਪੱਤੇ, ਸ਼ੀਸ਼ੀਆਂ ਅਤੇ ਨਾਜਾਇਜ਼ ਸ਼ਰਾਬ ਇਥੇ ਸ਼ਰੇਆਮ ਵਿਕਦੇ ਹਨ। ਉਨ੍ਹਾਂ ਕਿਹਾ, ‘‘ਨਸ਼ੇੜੀ ਲੋਕ ਉਨ੍ਹਾਂ ਦੇ ਮੁਹੱਲੇ ਦਾ ਮਾਹੌਲ ਖਰਾਬ ਕਰਦੇ ਹਨ। ਨਸ਼ਿਆਂ ਦੀ ਅੱਗ ਦਾ ਸੇਕ ਕਦੇ ਸਾਡੇ ਘਰਾਂ ਤੱਕ ਨਾ ਪਹੁੰਚ ਜਾਵੇ ਇਸ ਲਈ ਅਸੀਂ ਅੱਕ ਕੇ ਸੰਘਰਸ਼ ਦਾ ਬੀੜਾ ਚੁੱਕਿਆ ਹੈ। ਜਦੋਂ ਦਾ ਅਸੀਂ ਮੋਰਚਾ ਲਾਇਆ ਹੈ, ਉਦੋਂ ਦਾ ਅੱਧੀ ਦਰਜ਼ਨ ਦੇ ਕਰੀਬ ਨਸ਼ਾਖੋਰੀ ਵਿੱਚ ਲਿਪਤ ਲੋਕਾਂ ਨੂੰ ਅਸੀਂ ਖੁਦ ਪੁਲੀਸ ਹਵਾਲੇ ਕਰ ਦਿੱਤਾ ਹੈ।’’ ਉਨ੍ਹਾਂ ਮੰਗ ਕੀਤੀ ਕਿ ਇਸ ਕੋਹੜ ਨੂੰ ਸਾਡੇ ਇਲਾਕੇ ਵਿਚ ਖਤਮ ਕਰਨ ਲਈ ਇੱਥੇ ਪੁਲੀਸ ਦਾ ਪੱਕਾ ਪਹਿਰਾ ਲਾਇਆ ਜਾਵੇ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਸਮਾਜਿਕ ਕਾਰਕੁਨ ਜੁਝਾਰ ਲੌਂਗੋਵਾਲ ਨੇ ਕਿਹਾ ਕਿ ਮਾਨ ਸਰਕਾਰ ਨਸ਼ਿਆਂ ਦੇ ਮਾਮਲੇ ਵਿੱਚ ਫੇਲ੍ਹ ਸਾਬਤ ਹੋਈ ਹੋਈ ਹੈ।