ਬੀਰਬਲ ਰਿਸ਼ੀ
ਸ਼ੇਰਪੁਰ, 22 ਅਕਤੂਬਰ
ਪੰਜਾਬ ਮੰਡੀ ਬੋਰਡ ਵੱਲੋਂ ਆੜ੍ਹਤੀਆਂ ਨੂੰ ਕਿਸਾਨਾਂ ਦੀ ਫਸਲ ਪ੍ਰਾਈਵੇਟ ਫੜ੍ਹ ’ਚ ਲਾਹੇ ਜਾਣ ਤੋਂ ਵਰਜਣ ਅਤੇ ਫਸਲ ਦੀ ਖ਼ਰੀਦ ਸਿਰਫ਼ ਸਰਕਾਰੀ ਫੜ੍ਹ ਵਿੱਚ ਹੀ ਕੀਤੇ ਜਾਣ ਦੇ ਵਿਰੋਧ ਵਿੱਚ ਖ਼ਰੀਦ ਕੇਂਦਰ ਕਾਤਰੋਂ ਦੀ ਆੜ੍ਹਤੀਆ ਐਸੋਸੀਏਸ਼ਨ ਨੇ ਮੰਡੀ ਪ੍ਰਧਾਨ ਬਹਾਦਰ ਸਿੰਘ ਬਾਗੜੀ ਦੀ ਅਗਵਾਈ ਹੇਠ 23 ਅਕਤੂਬਰ ਤੋਂ ਖ਼ਰੀਦ ਦਾ ਬਾਈਕਾਟ ਕਰਕੇ ਅਣਮਿੱਥੀ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਐਸੋਸੀਏਸ਼ਨ ਦੇ ਆਗੂ ਚੇਤਨ ਗੋਇਲ ਸੋਨੀ ਨੇ ਦੱਸਿਆ ਕਿ ਹੁਣ ਮੰਡੀ ਭਰਦੀ ਜਾ ਰਹੀ ਹੈ, ਇਸ ਖ਼ਰੀਦ ਕੇਂਦਰ ਵਿੱਚ ਤਿੰਨ ਲੱਖ ਗੱਟਾ ਫਸਲ ਆਉਂਦੀ ਹੈ ਅਤੇ ਫੜ੍ਹ ਦੀ ਸਮਰੱਥਾ ਮਹਿਜ਼ 50 ਹਜ਼ਾਰ ਬੋਰੀ ਦੀ ਹੋਵੇਗੀ, ਜਿਸ ਕਰਕੇ ਆੜਤੀਆਂ ਨੇ ਫੜ੍ਹ ਵਿੱਚ ਬੋਰੀਆਂ ਭਰ ਕੇ ਵੀ ਲਗਵਾਉਣੀਆਂ ਹਨ, ਝਰਾਈ ਵੀ ਕਰਨੀ ਹੈ ਜਿਸ ਕਰਕੇ ਇਸ ਮਾਮਲੇ ਦਾ ਤੁਰੰਤ ਠੋਸ ਹੱਲ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਆੜਤੀਏ ਹੜਤਾਲ ’ਤੇ ਜਾਣ ਲਈ ਮਜਬੂਰ ਹਨ।
ਜ਼ਿਲ੍ਹਾ ਮੰਡੀ ਅਫ਼ਸਰ ਨੂੰ ਪ੍ਰਾਈਵੇਟ ਫੜ੍ਹ ਬਾਰੇ ਤਜਵੀਜ਼ ਭੇਜੀ ਹੈ: ਸੈਕਟਰੀ
ਮਾਰਕੀਟ ਕਮੇਟੀ ਸ਼ੇਰਪੁਰ ਦੇ ਸੈਕਟਰੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੈਪਿੰਗ, ਜੀਪੀਐਸ, ਟੈਗਿੰਗ ਆਦਿ ਬਾਰੇ ਸਰਕਾਰ ਦੀ ਨਵੀਂ ਨੀਤੀ ਕਾਰਨ ਪ੍ਰਾਈਵੇਟ ਫੜ੍ਹ ਦੀ ਮਨਜ਼ੂਰੀ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਉਨ੍ਹਾਂ ਅਤੇ ਸਬੰਧਤ ਤਹਿਸੀਲਦਾਰ ਤੇ ਪਨਗਰੇਨ ਅਧਿਕਾਰੀ ਅਧਾਰਿਤ ਕਮੇਟੀ ਦੀ ਸਾਂਝੀ ਰਿਪੋਰਟ ਨਾਲ ਹੀ ਇਹ ਸੰਭਵ ਹੋ ਸਕਦਾ ਹੈ, ਉਂਜ ਉਨ੍ਹਾਂ ਪ੍ਰਾਈਵੇਟ ਫੜ੍ਹ ਸਬੰਧੀ ਤਜਵੀਜ਼ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਭੇਜ ਦਿੱਤੀ ਹੈ।