ਪੱਤਰ ਪ੍ਰੇਰਕ
ਲਹਿਰਾਗਾਗਾ, 10 ਨਵੰਬਰ
ਇਥੇ ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਲੇਹਲ ਕਲਾਂ ਦੀ ਪ੍ਰਧਾਨਗੀ ਵਿੱਚ ਹੋਈ। ਜਥੇਬੰਦੀ ਨੇ ਸੂਬਾ ਸਕੱਤਰ ਬਲਵੀਰ ਸਿੰਘ ਜਲੂਰ ਨੇ ਅੱਜ ਦੇ ਕਿਸਾਨ ਅੰਦੋਲਨ ਬਾਰੇ ਵਿਚਾਰ ਵਟਾਂਦਰਾ ਕਰਦੇ ਹੋਏ ਦਿੱਲੀ ਚੱਲਣ ਦੇ ਪ੍ਰੋਗਰਾਮ ਨੂੰ ਸਫਲ ਕਰਨ ਲਈ ਪਿੰਡਾਂ ਵਿੱਚ ਰੈਲੀਆਂ ਅਤੇ ਝੰਡਾ ਮਾਰਚ ਕਰਨ ਲਈ ਡਿਊਟੀਆਂ ਲਾਈਆਂ। ਜਥੇਬੰਦੀ ਵੱਲੋਂ ਦਿੱਲੀ ਚਲੋਂ ਪ੍ਰੋਗਰਾਮ ਲਈ ਪਿੰਡਾਂ ’ਚ ਫੰਡ ਅਤੇ ਰਾਸ਼ਨ ਇਕੱਠੇ ਕਰਨ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਕਿਸਾਨਾਂ-ਮਜ਼ਦੂਰਾਂ ਨੂੰ ਲਾਮਬੰਦ ਕਰ ਕੇ ਕਿਸਾਨ ਜਥੇਬੰਦੀ ਦੀ ਹਾਈ ਕਮਾਂਡ ਵੱਲੋਂ ਉਲੀਕੇ ਪ੍ਰੋਗਰਾਮ ਨੂੰ ਇਨ ਬਿਨ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਖੇਤੀ ਵਿਰੋਧੀ ਬਣਾਏ ਕਾਨੂੰਨਾਂ, ਬਿਜਲੀ ਐਕਟ-2020 ਨੂੰ ਰੱਦ ਕਰਨ, ਝੋਨੇ ਦੀ ਖਰੀਦ ਤੇਜ਼ ਕਰਨ, ਕਿਸਾਨਾਂ ਮਜ਼ਦੂਰਾਂ ਦਾ ਕਰਜ ਖਤਮ ਕਰਨ ਅਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਆਰਥਿਕਤਾ ਨੂੰ ਮੁੱਖ ਰੱਖਦੇ ਹੋਏ ਮਾਲ ਗੱਡੀਆਂ ਨੂੰ ਚਲਾਉਣ ਦੀ ਮੰਗ ਕੀਤੀ। ਮੀਟਿੰਗ ਨੂੰ ਸਵਰਨ ਸਿੰਘ ਨਵਾਂ ਗਾਓ, ਰਾਮਫਲ ਸਿੰਘ ਬੁਸੈਹਰਾ, ਪਰਮਜੀਤ ਸਿੰਘ ਹਮੀਰਗੜ੍ਹ, ਬਲਕਾਰ ਸਿੰਘ ਉਭਿਆ ਨੇ ਵੀ ਸੰਬੋਧਨ ਕੀਤਾ।