ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ, 18 ਸਤੰਬਰ
ਡੈਮੋਕ੍ਰੈਟਿਕ ਮਨਰੇਗਾ ਫਰੰਟ ਪੰਜਾਬ ਵੱਲੋਂ 8 ਅਕਤੂਬਰ ਨੂੰ ਅਨਾਜ ਮੰਡੀ ਸੰਗਰੂਰ ਵਿੱਚ ਕੀਤੀ ਜਾਣ ਵਾਲੀ ਸੂਬਾ ਪੱਧਰੀ ਕਾਨਫਰੰਸ ਦੀ ਤਿਆਰੀ ਸਬੰਧੀ ਦਿੜ੍ਹਬਾ ਵਿੱਚ ਬਲਾਕ ਪੱਧਰੀ ਮੀਟਿੰਗ ਕੀਤੀ ਗਈ। ਇਸ ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਤੋਂ ਇਲਾਵਾ ਇੰਟਰਨੈਸ਼ਨਲਿਸਟ ਡੈਮੋਕ੍ਰੈਟਿਕ ਪਲੇਟਫਾਰਮ (ਆਈਡੀਪੀ) ਦੇ ਆਗੂਆਂ ਤਰਲੋਚਨ ਸਿੰਘ ਸੂਲਰ ਘਰਾਟ, ਹੰਸ ਰਾਜ ਭਵਾਨੀਗੜ੍ਹ ਅਤੇ ਰਾਜਿੰਦਰ ਕੁਮਾਰ ਪਾਤੜਾਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਜ਼ਿਲ੍ਹਾ ਸੰਗਰੂਰ ਅੰਦਰ ਅਤੇ ਮੁੱਖ ਮੰਤਰੀ ਦੇ ਆਪਣੇ ਪਿੰਡ ਸਤੌਜ ਵਿੱਚ ਵੀ ਲਿਖਤੀ ਤੌਰ ’ਤੇ ਕੰਮ ਮੰਗਣ ਦੇ ਬਾਵਜੂਦ ਕੰਮ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਕਰੀਬਨ 17 ਸਾਲ ਪਹਿਲਾਂ ਮਗਨਰੇਗਾ ਕਾਨੂੰਨ ਤਹਿਤ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਦੇਣ ਦਾ ਕਾਨੂੰਨ ਬਣਾਇਆ ਅਤੇ 2013 ਅੰਦਰ 5 ਏਕੜ ਤੱਕ ਦੇ ਕਿਸਾਨਾਂ ਨੂੰ ਵੀ ਆਪਣੇ ਖੇਤ ਅੰਦਰ ਕੰਮ ਕਰਕੇ ਮਗਨਰੇਗਾ ਤਹਿਤ ਰੁਜ਼ਗਾਰ ਹਾਸਲ ਕਰਨ ਲਈ ਕਾਨੂੰਨ ਵਿੱਚ ਵਾਧਾ ਦਰਜ ਕੀਤਾ ਗਿਆ ਪਰ ਆਮ ਤੌਰ ’ਤੇ ਸਾਲ ਅੰਦਰ 100 ਦਿਨ ਦਾ ਰੁਜ਼ਗਾਰ ਕਿਤੇ ਵੀ ਹਾਸਲ ਨਹੀਂ ਹੋਇਆ ਅਤੇ ਕੀਤੇ ਕੰਮ ਦੀ ਦਿਹਾੜੀ ਹਰ ਥਾਂ ਘੱਟ ਦਿੱਤੀ ਜਾ ਰਹੀ ਹੈ।