ਪੱਤਰ ਪ੍ਰੇਰਕ
ਸੰਦੌੜ, 27 ਜੂਨ
ਯੰਗ ਸਪੋਰਟਸ ਐਂਡ ਵੈੱਲਫੇਅਰ ਕਲੱਬ ਸੰਦੌੜ ਦੇ ਪ੍ਰਧਾਨ ਤੇ ਸੈਂਕੜੇ ਬੱਚਿਆਂ ਨੂੰ ਖੇਡ ਮੈਦਾਨ ਨਾਲ ਜੋੜਨ ਲਈ ਮੁਫ਼ਤ ਕੋਚਿੰਗ ਦੇ ਕੇ ਨਸ਼ਿਆਂ ਤੋਂ ਦੂਰ ਕਰਨ ਵਰਗੇ ਸ਼ਲਾਘਾਯੋਗ ਕਾਰਜ ਕਰਨ ਵਾਲੇ ਨੌਜਵਾਨ ਖਿਡਾਰੀ ਚਮਕੌਰ ਸਿੰਘ ਕੌਰਾ ਨੇ ਸੰਦੌੜ ਦੇ ਖੇਡ ਮੈਦਾਨ ਦੀ ਸਫ਼ਾਈ ਦਾ ਬੀੜਾ ਚੁੱਕ ਲਿਆ ਹੈ। ਉਨ੍ਹਾਂ ਵੱਲੋਂ ਖੇਡ ਮੈਦਾਨ ਵਿੱਚ ਪੈਦਾ ਹੋਏ ਘਾਹ ਨੂੰ ਹੱਥੀਂ ਸਾਫ਼ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕੇ ਖੇਡ ਮੈਦਾਨ ਨਾਲ ਜੇਕਰ ਨਵੀਂ ਪਨੀਰੀ ਨੂੰ ਜੋੜਿਆ ਜਾਵੇਗਾ ਤਾਂ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਮੁਹਿੰਮ ਕਾਮਯਾਬ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਸੰਦੌੜ ਦੇ ਖੇਡ ਮੈਦਾਨ ਵਿੱਚ ਸ਼ਾਮ ਨੂੰ ਬੱਚਿਆਂ ਨੂੰ ਫੁੱਟਬਾਲ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਮੈਦਾਨ ਬਹੁਤ ਖਰਾਬ ਹੋ ਗਿਆ ਸੀ ਇਸ ਕਰਕੇ ਇਸ ਦੀ ਸਫ਼ਾਈ ਦਾ ਬੀੜਾ ਵੀ ਆਪਣੇ ਹੱਥੀਂ ਚੁੱਕ ਲਿਆ ਹੈ।