ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 20 ਜਨਵਰੀ
ਇੱਥੇ ਸੋਮ ਸੰਜ ਕਲੋਨੀ ’ਚ ਸਥਿਤ ਲਕਸ਼ਮੀ ਨਰਾਇਣ ਮੰਦਰ ਦਾ ਦਰਵਾਜ਼ਾ ਤੋੜ ਕੇ ਚੋਰ ਮੰਦਰ ’ਚ ਸਥਾਪਿਤ ਮੂਰਤੀਆਂ ਦੇ ਕਈ ਮੁਕਟ ਅਤੇ ਚਾਂਦੀ ਦੇ ਛਤਰ ਸਮੇਤ ਗੋਲਕ ‘ਚੋਂ ਨਕਦੀ ਲੈ ਗਏ। ਪਤਾ ਲੱਗਦਿਆਂ ਹੀ ਉਪ ਪੁਲੀਸ ਕਪਤਾਨ ਪਵਨਦੀਪ ਅਤੇ ਥਾਣਾ ਮੁਖੀ ਜਸਵੀਰ ਸਿੰਘ ਨੇ ਮੌਕੇ ਦਾ ਮੁਆਇਨਾ ਕੀਤਾ। ਮੰਦਰ ਦੇ ਪੁਜਾਰੀ ਚੇਤਨ ਸ਼ਰਮਾ ਅਤੇ ਪ੍ਰਧਾਨ ਪ੍ਰਸ਼ੋਤਮ ਜਿੰਦਲ ਨੇ ਦੱਸਿਆ ਕਿ ਲੰਘੀ ਰਾਤ ਚੋਰਾਂ ਨੇ ਮੰਦਰ ਦਾ ਮੁੱਖ ਦਰਵਾਜ਼ਾ ਤੋੜ ਕੇ ਮੰਦਰ ਵਿੱਚ ਸਥਾਪਿਤ ਮੂਰਤੀਆਂ ਦੇ ਪਾਏ ਹੋਏ 4 ਵੱਡੇ ਚਾਂਦੀ ਦੇ ਮੁਕਟ, 3 ਛੋਟੇ ਚਾਂਦੀ ਦੇ ਮੁਕਟ, 4 ਚਾਂਦੀ ਦੇ ਛਤਰ ਅਤੇ ਪਿੱਤਲ ਦੀ 1 ਫੁੱਟ ਦੀ ਮੂਰਤੀ, ਨੰਦੀ ਦੇ ਗਲੇ ਵਿੱਚ ਪਾਈ ਚਾਂਦੀ ਦੀ ਚੇਨ ਅਤੇ ਘੰਟੀ ਤੋਂ ਇਲਾਵਾ 3 ਗੋਲਕਾਂ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਏ ਜਿਨ੍ਹਾਂ ਦੀ ਕੀਮਤ ਕਰੀਬ ਪੰਜ ਲੱਖ ਬਣਦੀ ਹੈ। ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੈ। ਡੀਐੱਸਪੀ ਪਵਨਜੀਤ ਚੌਧਰੀ ਤੇ ਐੱਸਐੱਚਓ ਜਸਵੀਰ ਸਿੰਘ ਨੇ ਭਰੋਸਾ ਦਿਵਾਇਆ ਕਿ ਪੁਲੀਸ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਵੇਗੀ।
ਸਕੂਟਰੀ ਚੋਰੀ
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੋਂ ਦੇ ਵਸਨੀਕ ਨਿਖਿਲ ਕੁਮਾਰ ਪਟਵਾਰੀ ਵੱਲੋਂ ਵਾਰਡ ਨੰਬਰ 12 ਵਿੱਚ ਜਸਵੀਰ ਸਿੰਘ ਦੇ ਘਰ ਖੋਲ੍ਹੇ ਪਟਵਾਰ ਦਫ਼ਤਰ ’ਚੋਂ ਸਕੂਟਰੀ ਚੋਰੀ ਹੋ ਗਈ। ਨਿਖਿਲ ਕੁਮਾਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਅਣਪਛਾਤਿਆਂ ਖਿਲਾਫ਼ ਧਾਰਾ 457,380 ਅਧੀਨ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।