ਮੁੱਖ ਅੰਸ਼
- ਸੀਸੀਟੀਵੀ ਫੁਟੇਜ ਤਹਿਤ ਬੱਚਿਆਂ ’ਤੇ ਸਮਾਧ ’ਚੋਂ ਚੋਰੀ ਕਰਨ ਦਾ ਦੋਸ਼
- ਸਬਕ ਸਿਖਾਉਣ ਲਈ ਬੱਚਿਆਂ ਨੂੰ 5 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ
ਹਰਦੀਪ ਸਿੰਘ ਸੋਢੀ
ਧੂਰੀ, 14 ਮਾਰਚ
ਇਲਾਕੇ ਦੇ ਬੱਚਿਆਂ ਦੇ ਹੱਥ ਬੰਨ੍ਹ ਕੇ ਪਿੰਡ ਵਿਚ ਘੁੰਮਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਇਸ ਵੀਡੀਓ ਦੀ ਕੀਤੀ ਗਈ ਪੜਤਾਲ ਤੋਂ ਬਾਅਦ ਸਾਹਮਣੇ ਆਇਆ ਕਿ ਲੰਘੀ 7 ਮਾਰਚ ਨੂੰ ਪਿੰਡ ਭਸੌੜ ਦੇ ਚਾਰ ਬੱਚਿਆਂ ਨੂੰ ਪਿੰਡ ਵਾਸੀਆਂ ਵੱਲੋਂ ਰੱਸੀ ਨਾਲ ਹੱਥ ਬੰਨ੍ਹ ਕੇ ਪਿੰਡ ਦੀਆਂ ਗਲੀਆਂ ਵਿੱਚ ਘੁੰਮਾਇਆ ਗਿਆ ਸੀ। ਜਦੋਂ ਇਸ ਸਬੰਧੀ ਪਿੰਡ ਭਸੌੜ ਦੇ ਸਰਪੰਚ ਗੁਰਨਾਮ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਿੰਡ ਬਨਭੌਰੀ ਵਿੱਚ ਸਥਿਤ ਸ਼ਹੀਦਾਂ ਦੀ ਸਮਾਧ ’ਤੇ ਪਹਿਲਾਂ ਦੋ ਵਾਰ ਚੋਰੀ ਹੋ ਚੁੱਕੀ ਹੈ ਜਿਸ ਦੇ ਚੱਲਦਿਆਂ ਪਿੰਡ ਵਾਸੀਆਂ ਵੱਲੋਂ ਉਥੇ ਸੀਸੀਟੀਵੀ ਕੈਮਰੇ ਲਗਾਏ ਗਏ ਸਨ। ਲੰਘੀ 6 ਮਾਰਚ ਦੀ ਰਾਤ ਨੂੰ ਪਿੰਡ ਭਸੌੜ ਦੇ ਹੀ ਚਾਰ ਨਾਬਾਲਗ ਬੱਚੇ, ਜੋ ਵੱਖ-ਵੱਖ ਜਮਾਤਾਂ ਵਿਚ ਪੜ੍ਹਾਈ ਕਰਦੇ ਹਨ, ਉਨ੍ਹਾਂ ਵੱਲੋਂ ਸਮਾਧ ਤੋਂ ਕਥਿਤ ਤੌਰ ’ਤੇ ਚੋਰੀ ਕੀਤੀ ਗਈ ਸੀ। ਸੀਸੀਟੀਵੀ ਫੁਟੇਜ ਤੋਂ ਪਿੰਡ ਵਾਸੀਆਂ ਨੂੰ ਚੋਰੀ ਕਰਨ ਵਾਲਿਆਂ ਬਾਰੇ ਪਤਾ ਲੱਗਾ ਅਤੇ ਅਗਲੇ ਦਿਨ ਪਿੰਡ ਬਨਭੌਰੀ ਦੇ ਲੋਕ ਇਨ੍ਹਾਂ ਚਾਰਾਂ ਬੱਚਿਆਂ ਨੂੰ ਪਿੰਡ ਬਨਭੌਰੀ ਲੈ ਗਏ ਅਤੇ ਪਿੰਡ ਦੇ ਲੋਕਾਂ ਵੱਲੋਂ ਹੀ ਇਨ੍ਹਾਂ ਬੱਚਿਆਂ ਦੇ ਹੱਥ ਬੰਨ੍ਹ ਕੇ ਇਨ੍ਹਾਂ ਦੀ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਜਦੋਂ ਪਿੰਡ ਭਸੌੜ ਦੀ ਪੰਚਾਇਤ ਤੇ ਹੋਰ ਲੋਕ ਉਥੇ ਪੁੱਜੇ ਤਾਂ ਪਿੰਡ ਬਨਭੌਰੀ ਦੇ ਲੋਕਾਂ ਦੇ ਕਹਿਣ ’ਤੇ ਹੀ ਇਨ੍ਹਾਂ ਬੱਚਿਆਂ ਨੂੰ ਬੰਨ੍ਹੇ ਹੱਥਾਂ ਸਮੇਤ ਬਨਭੌਰੀ ਤੋਂ ਭਸੌੜ ਪੈਦਲ (ਦੂਰੀ ਚਾਰ ਕਿਲੋਮੀਟਰ) ਲਿਆਂਦਾ ਗਿਆ ਅਤੇ ਬੱਚਿਆਂ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਅਤੇ ਮਾਮਲਾ ਨਿਪਟਾ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਵੀਡੀਓ ਵਾਇਰਲ ਹੋਣ ਮਗਰੋਂ ਇਹ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਇਲਾਕਾ ਵਾਸੀਆਂ ਵੱਲੋਂ ਕਸੂਰਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪੁਲੀਸ ਵੀ ਹਰਕਤ ਵਿੱਚ ਆ ਗਈ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।
ਪਿੰਡ ਬਨਭੌਰੀ ਦੀ ਪੰਚਾਇਤ ਨੇ ਦੋਸ਼ ਨਕਾਰੇ
ਇਸ ਮਾਮਲੇ ਸਬੰਧੀ ਪਿੰਡ ਬਨਭੌਰੀ ਦੀ ਸਰਪੰਚ ਦੇ ਪਤੀ ਸੁਰਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਬੱਚਿਆਂ ਦੀ ਕੁੱਟਮਾਰ ਉਨ੍ਹਾਂ ਦੇ ਮਾਪਿਆਂ ਵੱਲੋਂ ਕੀਤੀ ਗਈ ਹੈ ਅਤੇ ਬੱਚਿਆਂ ਨੂੰ ਬੰਨ੍ਹ ਕੇ ਵੀ ਪਿੰਡ ਭਸੌੜ ਵਾਲੇ ਹੀ ਲੈ ਕੇ ਗਏ ਹਨ। ਉਨ੍ਹਾਂ ਜੁਰਮਾਨੇ ਸਬੰਧੀ ਕਿਹਾ ਕਿ ਜੁਰਮਾਨਾ ਸਿਰਫ ਬੱਚਿਆਂ ਦੇ ਚੰਗੇ ਭਵਿੱਖ ਨੂੰ ਦੇਖਦੇ ਹੋਏ ਲਗਾਇਆ ਗਿਆ ਸੀ। ਇਸੇ ਦੌਰਾਨ ਥਾਣਾ ਸਦਰ ਧੂਰੀ ਦੇ ਐੱਸ.ਐੱਚ.ਓ ਦੀਪਇੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਹੈ ਅਤੇ ਮਾਮਲੇ ਦੀ ਜਾਂਚ ਕਰਨ ਉਪਰੰਤ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।