ਨਿਜੀ ਪੱਤਰ ਪ੍ਰੇਰਕ
ਸੰਗਰੂਰ, 10 ਅਗਸਤ
ਜ਼ਿਲ੍ਹਾ ਸੰਗਰੂਰ ’ਚ ਕਰੋਨਾ ਨਾਲ ਅੱਜ ਸੇਵਾ-ਮੁਕਤ ਕਾਨੂੰਗੋ ਸਣੇ ਤਿੰਨ ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਪਿਛਲੇ ਅੱਠ ਦਿਨਾਂ ਦੌਰਾਨ ਕਰੋਨਾ ਨਾਲ 11 ਮਰੀਜ਼ਾਂ ਦੀ ਜਾਨ ਗਈ ਹੈ। ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 39 ਹੋ ਗਈ ਹੈ। ਅੱਜ 48 ਹੋਰ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ 50 ਮਰੀਜ਼ਾਂ ਨੇ ਕਰੋਨਾ ਨੂੰ ਹਰਾ ਕੇ ਘਰ ਵਾਪਸੀ ਕੀਤੀ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ ਜਸਵੰਤ ਸਿੰਘ ਭੱਟੀ ਉਮਰ 65 ਸਾਲ ਵਾਸੀ ਪੂਨੀਆਂ ਕਲੋਨੀ ਸੰਗਰੂਰ ਨੂੰ 8 ਅਗਸਤ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ਕਰਵਾਇਆ ਸੀ ਜਿਸਨੂੰ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਸੀ। ਮਰੀਜ਼ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਤੇ ਬੀਤੀ ਦੇਰ ਰਾਤ ਇਸਦੀ ਮੌਤ ਹੋ ਗਈ ਹੈ। ਸ੍ਰੀ ਭੱਟੀ ਕਰੀਬ ਛੇ ਮਹੀਨੇ ਪਹਿਲਾਂ ਹੀ ਬਤੌਰ ਕਾਨੂੰਗੋ ਸੇਵਾ-ਮੁਕਤ ਹੋਇਆ ਸੀ। ਲੰਘੇ ਕੱਲ੍ਹ ਹੀ ਸ੍ਰੀ ਭੱਟੀ ਦੇ ਪੁੱਤਰ ਦੀ ਸ਼ਾਦੀ ਸੀ। ਇਸਤੋਂ ਇਲਾਵਾ ਮਲੇਰਕੋਟਲਾ ਵਾਸੀ ਸਾਰਿਤਾ ਊਮਰ 37 ਸਾਲ ਨੂੰ 6 ਅਗਸਤ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ਕਰਵਾਇਆ ਸੀ ਜਿਸਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਮਹਿਲਾ ਦੀ ਵੀ ਮੌਤ ਹੋ ਗਈ ਹੈ। ਤੀਜੀ ਮੌਤ ਬਲਾਕ ਸ਼ੇਰਪੁਰ ਨਾਲ ਸਬੰਧਤ 32 ਸਾਲਾ ਨੌਜਵਾਨ ਅਵਤਾਰ ਸਿੰਘ ਦੀ ਹੋਈ ਹੈ ਜੋ ਸਿਵਲ ਹਸਪਤਾਲ ਦਾਖਲ ਸੀ। ਜ਼ਿਲ੍ਹਾ ਸੰਗਰੂਰ ’ਚ ਅੱਠਵਾਂ ਦਿਨ ਵੀ ਮੌਤਾਂ ਦੇ ਨਾਂ ਰਿਹਾ ਤੇ ਇਨ੍ਹਾਂ ਅੱਠ ਦਿਨਾਂ ਦੌਰਾਨ 11 ਕਰੋਨਾ ਪੀੜਤ ਮਰੀਜ਼ਾਂ ਦੀ ਜਾਨ ਗਈ ਹੈ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 39 ਹੋ ਚੁੱਕੀ ਹੈ। ਅੱਜ 48 ਹੋਰ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਨ੍ਹਾਂ ’ਚ ਬਲਾਕ ਸੰਗਰੂਰ ਨਾਲ ਸਬੰਧਤ 17 ਮਰੀਜ਼, ਬਲਾਕ ਭਵਾਨੀਗੜ੍ਹ ਨਾਲ ਸਬੰਧਤ 15 ਮਰੀਜ਼, ਬਲਾਕ ਲੌਂਗੋਵਾਲ ਨਾਲ ਸਬੰਧਤ 8 ਮਰੀਜ਼, ਬਲਾਕ ਮਲੇਰਕੋਟਲਾ ਨਾਲ 2 ਮਰੀਜ਼, ਬਲਾਕ ਮੂਨਕ ਨਾਲ ਸਬੰਧਤ 2 ਮਰੀਜ਼, ਬਲਾਕ ਸੁਨਾਮ ਨਾਲ ਸਬੰਧਤ 2 ਮਰੀਜ਼ ਅਤੇ ਬਲਾਕ ਅਮਰਗੜ੍ਹ ਅਤੇ ਬਲਾਕ ਧੂਰੀ ਨਾਲ ਸਬੰਧਤ ਇੱਕ-ਇੱਕ ਮਰੀਜ਼ ਸ਼ਾਮਲ ਹੈ।