ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 7 ਮਈ
ਦੀ ਕੋਆਪਰੇਟਿਵ ਸੁਸਾਇਟੀ ਬਹਾਦਰਪੁਰ ਵਿੱਚ ਤਿੰਨ ਪਿੰਡਾਂ ਬਹਾਦਰਪੁਰ, ਦੁੱਗਾਂ ਤੇ ਕੁੰਨਰਾਂ ਦੇ ਮੈਂਬਰਾਂ ਵਿਚੋਂ ਬੀਤੇ ਦਿਨੀਂ ਬਹੁਸੰਮਤੀ ਨਾਲ ਹੋਈ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਦਾ ਪਿਛਲੇ ਇੱਕ ਮਹੀਨੇ ਤੋਂ ਚੱਲ ਰਿਹਾ ਰੇੜਕਾ ਅੱਜ ਇੰਸਪੈਕਟਰ ਦੀਪਇੰਦਰ ਸਿੰਘ ਦੀ ਸੂਝ-ਬੂਝ ਸਦਕਾ ਖਤਮ ਹੋ ਗਿਆ। ਉਧਰ ਜਦੋਂਕਿ ਇਸ ਸਬੰਧੀ ਤਿੰਨਾਂ ਪਿੰਡਾਂ ਦੇ ਇਕੱਠੇ ਹੋਏ ਕਿਸਾਨਾਂ ਵੱਲੋਂ ਧਰਨਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਸੀ। ਸੁਸਾਇਟੀ ਦੇ ਇੰਸਪੈਕਟਰ ਦੀਪਇੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਚੋਣ ਮੌਕੇ ਗਿਆਰਾਂ ਮੈਂਬਰਾਂ ਵਿਚੋਂ ਬਹੁਮਤ ਸਾਬਤ ਕਰਕੇ ਜਤਿੰਦਰ ਸਿੰਘ ਬਹਾਦਰਪੁਰ ਨੂੰ ਪ੍ਰਧਾਨ, ਕਰਮਜੀਤ ਸਿੰਘ ਦੁੱਗਾਂ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸੁਖਦੇਵ ਸਿੰਘ ਕੁੰਨਰਾਂ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ ਸੀ। ਇਸੇ ਤਰ੍ਹਾਂ ਚਰਨਜੀਤ ਕੌਰ ਖਹਿਰਾ ਬਹਾਦਰਪੁਰ, ਅਮਰਜੀਤ ਕੌਰ ਦੁੱਗਾਂ, ਬਲਬੀਰ ਸਿੰਘ ਬਹਾਦਰਪੁਰ ਕਾਰਜਕਾਰੀ ਮੈਂਬਰ ਚੁਣ ਲਏ ਗਏ ਸਨ। ਵਿਰੋਧੀ ਧਿਰ ਦੇ ਸਾਬਕਾ ਮੀਤ ਪ੍ਰਧਾਨ ਹਰਵਿੰਦਰ ਸਿੰਘ ਬਹਾਦਰਪੁਰ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਸੀ। ਅਖੀਰ ਅੱਜ ਤਿੰਨਾਂ ਪਿੰਡਾਂ ਦੇ ਲੋਕਾਂ ਤੇ ਕਿਸਾਨ ਆਗੂਆਂ ਵੱਲੋਂ ਸੁਸਾਇਟੀ ਅੱਗੇ ਹੱਦ ਕਰਜ਼ਿਆਂ ਨੂੰ ਲੈ ਕੇ ਧਰਨਾ ਦਿੱਤਾ ਗਿਆ। ਸਥਿਤੀ ਤਣਾਅ ਵਾਲੀ ਹੁੰਦੀ ਵੇਖਦਿਆਂ ਸੁਸਾਇਟੀ ਦੇ ਇੰਸਪੈਕਟਰ ਦੀਪਇੰਦਰ ਸਿੰਘ ਨੇ ਦੋਵੋਂ ਧਿਰਾਂ ਨੂੰ ਸਮਝਾ ਕੇ ਜਤਿੰਦਰ ਸਿੰਘ ਨੰਬਰਦਾਰ ਨੂੰ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਹਰਵਿੰਦਰ ਸਿੰਘ ਬਹਾਦਰਪੁਰ ਨੂੰ ਮੁੜ ਤੋਂ ਮੀਤ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਦਰਸਨ ਸਿੰਘ ਕੁੰਨਰਾਂ, ਜਸਦੀਪ ਸਿੰਘ ਬਹਾਦਰਪੁਰ, ਜਗਸੀਰ ਸਿੰਘ ਜੱਸੀ, ਜਗਤਾਰ ਸਿੰਘ, ਜੱਗਾ ਸਿੰਘ, ਗਿਆਨ ਸਿੰਘ, ਢੋਲ ਸਿੰਘ ਮੌਜੂਦ ਸਨ।